ਗੁਰਦਾਸਪੁਰ : ਬਮਿਆਲ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਪਹਾੜੀਪੁਰ ਚੈੱਕ ਪੋਸਟ ‘ਤੇ ਡਿਊਟੀ ਦੌਰਾਨ ਬੀਐੱਸਐੱਫ ਦੇ ਜਵਾਨ ਨੇ ਆਪਣੀ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਾਨੂਰਾਮ ਮੀਨਾ ਪੁੱਤਰ ਮਾਲੂ ਰਾਮ ਮੀਨਾ ਪਿੰਡ ਅਤੇ ਡਾਕਖਾਨਾ ਮਲੀਆਵਾਸ ਜ਼ਿਲ੍ਹਾ ਜੈਪੁਰ ਰਾਜਸਥਾਨ ਵਜੋਂ ਹੋਈ ਹੈ।
ਬੀਐਸਐਫ ਨੇ ਇਸ ਦੀ ਸੂਚਨਾ ਨਰੋਟ ਜੈਮਲ ਸਿੰਘ ਪੁਲੀਸ ਨੂੰ ਦਿੱਤੀ ਹੈ। ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਰਖਵਾਇਆ ਹੈ। ਹਾਲਾਂਕਿ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸਿਪਾਹੀ ਬੀ.ਐਸ.ਐਫ 121 ਬਟਾਲੀਅਨ ਦੀ ਪਹਾੜੀਪੁਰ ਚੈਕ ਪੋਸਟ ‘ਤੇ ਤਾਇਨਾਤ ਸੀ ਅਤੇ ਸੋਮਵਾਰ ਸਵੇਰੇ ਡਿਊਟੀ ਦੌਰਾਨ ਸਿਪਾਹੀ ਨੇ ਆਪਣੀ ਰਾਈਫਲ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਮ੍ਰਿਤਕ ਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।