ਲੁਧਿਆਣਾ : ਨਾਕਾਬੰਦੀ ਦੌਰਾਨ ਐਸਟੀਐਫ ਦੀ ਟੀਮ ਉੱਪਰ ਫਾਇਰਿੰਗ ਕਰਨ ਵਾਲੇ ਦੀਪਕ ਕੁਮਾਰ ਉਰਫ਼ ਦੀਪੂ ਕੰਡੇ ਵਾਲੇ ਦੇ ਭਰਾ ਭੂਸ਼ਨ ਕੁਮਾਰ ਵਰਮਾ ਉਰਫ ਕਾਲੂ ਨੂੰ ਐਸਟੀਐਫ ਦੀ ਟੀਮ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਐੱਸ ਟੀ ਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਅਤੇ ਏਸੀਪੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਭੂਸ਼ਨ ਕੁਮਾਰ ਵਰਮਾ ਉਰਫ ਕਾਲੂ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਉਮੀਦ ਹੈ ਕਿ ਮੁਲਜ਼ਮ ਦੀ ਪੁੱਛਗਿੱਛ ਦੇ ਦੌਰਾਨ ਕਈ ਹੋਰ ਤਸਕਰਾਂ ਬਾਰੇ ਜਾਣਕਾਰੀ ਮਿਲੇਗੀ।
ਜਾਣਕਾਰੀ ਦਿੰਦਿਆਂ ਐੱਸ ਟੀ ਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਐਸਟੀਐਫ ਦੀ ਟੀਮ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਗੁਰੂ ਅਰਜਨ ਦੇਵ ਨਗਰ ਤਾਜਪੁਰ ਦਾ ਰਹਿਣ ਵਾਲਾ ਭੂਸ਼ਨ ਕੁਮਾਰ ਵਰਮਾ ਉਰਫ ਕਾਲੂ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਕਈ ਮੁਕੱਦਮੇ ਦਰਜ ਹਨ ਅਤੇ ਉਹ ਕਾਫ਼ੀ ਸਮੇਂ ਤੋਂ ਹੈਰੋਇਨ ਵੇਚਣ ਨਾਜਾਇਜ਼ ਧੰਦਾ ਕਰ ਰਿਹਾ ਹੈ। ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਨੇ ਇਸ ਵੇਲੇ ਵੀ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾਣਾ ਹੈ।
ਸੂਚਨਾ ਮਿਲਣ ਤੋਂ ਬਾਅਦ ਐਸਟੀਐਫ ਦੀ ਟੀਮ ਨੇ ਦੇਵ ਹਸਪਤਾਲ ਦੇ ਕੋਲ ਨਾਕਾਬੰਦੀ ਕਰ ਕੇ ਸਕੂਟਰ ਸਵਾਰ ਮੁਲਜ਼ਮ ਭੂਸ਼ਨ ਕੁਮਾਰ ਨੂੰ ਰੋਕਿਆ। ਤਲਾਸ਼ੀ ਦੌਰਾਨ ਉਸ ਦੇ ਸਕੂਟਰ ਚੋਂ 700 ਗਰਾਮ ਹੈਰੋਇਨ ,ਇਕ ਇਲੈਕਟ੍ਰੋਨਿਕ ਕੰਡਾ ਤੇ 45 ਪਾਰਦਰਸ਼ੀ ਲਿਫਾਫੇ ਬਰਾਮਦ ਕੀਤੇ ਗਏ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਭੂਸ਼ਨ ਨੇ ਦੱਸਿਆ ਕਿ ਉਹ ਆਪਣੇ ਭਰਾ ਦੀਪਕ ਦੇ ਨਾਲ ਪ੍ਰਾਪਰਟੀ ਦੇ ਕੰਮ ਦੇ ਨਾਲ ਨਾਲ ਹੈਰੋਇਨ ਦੀ ਸਪਲਾਈ ਵੀ ਕਰਦਾ ਹੈ।