ਲੁਧਿਆਣਾਃ : 65 ਸਾਲ ਤੋਂ ਕੈਲੇਫੋਰਨੀਆ(ਅਮਰੀਕਾ )ਵੱਸਦੇ ਅਗਾਂਹਵਧੂ ਕਿਸਾਨ ਤੇ ਸੌਗੀ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਪੰਜਾਬ ਹਿਤੈਸ਼ੀ ਵਿਚਾਰਵਾਨ ਸਃ ਚਰਨਜੀਤ ਸਿੰਘ ਬਾਠ ਨੇ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੇਵਾਮੁਕਤ ਅਧਿਆਪਕਾਂ,ਨਿਕਟਵਰਤੀ ਦੋਸਤਾਂ ਤੇ ਪੰਜਾਬ ਲਈ ਚਿੰਤਾਤੁਰ ਬੁੱਧੀਜੀਵੀਆਂ ਨਾਲ ਗੱਲ ਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਨੂੰ ਆਪਣੀ ਖੇਤੀਬਾੜੀ ਤੇ ਪੇਂਡੂ ਵਿਕਾਸ ਨੂੰ ਪੱਕੇ ਪੈਰੀਂ ਕਰਨ ਲਈ ਬਾਗਬਾਨੀ ਅਤੇ ਪਸ਼ੂਪਾਲਣ ਅਧੀਨ ਰਕਬਾ ਲਿਆਉਣਾ ਪਵੇਗਾ।
ਉਨ੍ਹਾਂ ਕਿਹਾ ਕਿ ਕਣਕ ਝੋਨਾ ਫ਼ਸਲ ਚੱਕਰ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਘਾਣ ਕਰ ਰਹੇ ਹਨ। ਧਰਤੀ ਹੇਠਲਾ ਸਿੰਜਾਈ ਯੋਗ ਪਾਣੀ ਘਟ ਰਿਹਾ ਹੈ। ਸਃ ਬਾਠ ਨੇ ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਨੂੰ ਵੀ ਸੁਝਾਅ ਦਿੱਤਾ ਹੈ ਕਿ ਅਮਰੀਕਾ ਵੱਸਦੇ ਖੇਤੀਬਾੜੀ ਮਾਹਿਰਾਂ ਡਾਃ ਗੁਰਦੇਵ ਸਿੰਘ ਖ਼ੁਸ਼, ਡਾਃ ਮ ਸ ਬਾਜਵਾ,ਡਾਃ ਪਰਮ ਰੰਧਾਵਾ, ਡਾਃ ਲਖਵਿੰਦਰ ਸਿੰਘ ਰੰਧਾਵਾ ਤੇ ਡਾਃ ਅਮਰਜੀਤ ਸਿੰਘ ਬਸਰਾ ਤੇ ਇਸ ਪੱਧਰ ਦੇ ਵੱਡੇ ਖੇਤੀਬਾੜੀ ਵਿਗਿਆਨੀਆਂ ਤੋਂ ਵੀ ਸਲਾਹ ਮਸ਼ਵਰਾ ਲਿਆ ਜਾਵੇ ।
ਸਃ ਬਾਠ ਨੇ ਕਿਹਾ ਕਿ ਪੰਜਾਬੀ ਮੂਲ ਦੇ ਸਿਰਕੱਢ ਵਿਗਿਆਨੀਆਂ ਤੇ ਕਿਸਾਨਾਂ ਦਾ ਸੁਮੇਲ ਕਰਕੇ ਇਸ ਜਿੱਲ੍ਹਣ ਵਿੱਚੋਂ ਹੁਣ ਵੀ ਨਿਕਲਿਆ ਜਾ ਸਕਦਾ ਹੈ। ਫ਼ਲਾਂ ਸਬਜ਼ੀਆਂ ਦੀ ਪ੍ਰੋਸੈਸਿੰਗ, ਦਾਲਾਂ ਤੇ ਤੇਲ ਬੀਜਾਂ ਦੀ ਕਾਸ਼ਤ, ਮੰਡੀਕਰਨ ਤੇ ਯੋਗ ਮੁੱਲ ਦੇ ਕੇ ਵੀ ਨਿੱਕੀ ਕਿਸਾਨੀ ਨੂੰ ਏਧਰ ਤੋਰਿਆ ਜਾ ਸਕਦਾ ਹੈ। ਸਃ ਬਾਠ ਨੇ ਆਪਣੇ ਪਰਿਵਾਰਕ ਮਿੱਤਰ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਪ੍ਰੋਃ ਗੁਰਭਜਨ ਸਿੰਘ ਗਿੱਲ ਨਾਲ ਉਪਰੋਕਤ ਵਿਚਾਰ ਕਰਦਿਆਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਇਸ ਨੁਕਤੇ ਤੇ ਸੋਚਣ ਲਈ ਪ੍ਰੇਰਿਆ ਜਾਵੇ।
ਸਃ ਬਾਠ ਇਸ ਫੇਰੀ ਦੌਰਾਨ ਮੁੱਖ ਮੰਤਰੀ ਪੰਜਾਬ ਸਃ ਭਗਵੰਤ ਸਿੰਘ ਮਾਨ ਨੂੰ ਵੀ ਆਪਣੀ ਜੀਵਨ ਸਾਥਣ ਸਮੇਤ ਮਿਲੇ ਤੇ ਪੰਜਾਬ ਦੇ ਖੇਤੀ ਤੇ ਬਾਗਬਾਨੀ ਵਿਕਾਸ ਲਈ ਨੁਕਤੇ ਸਾਂਝੇ ਕੀਤੇ। ਉਹ ਪਾਕਿਸਤਾਨ ਚ ਆਪਣੇ ਜੱਦੀ ਪਿੰਡ ਸੱਜਾਦ ਵਿਖੇ ਆਪਣੀ ਜਨਮ ਭੂਮੀ ਨੂੰ ਵੀ ਸਤਿਕਾਰ ਭੇਂਟ ਕਰਨ ਗਏ।