ਚੰਡੀਗੜ੍ਹ : ਕਿਸਾਨ ਅੰਦੋਲਨ ਦਾ ਅਸਰ ਹੁਣ ਪੰਜਾਬ ਦੀ ਬਿਜਲੀ ’ਤੇ ਪੈ ਸਕਦਾ ਹੈ। ਪੰਜਾਬ ‘ਚ ਜਲਦ ਹੀ ਬਿਜਲੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ, ਜਿਸ ਕਾਰਨ ਬਿਜਲੀ ਦੇ ਲੰਬੇ ਕੱਟ ਲੱਗ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਬੰਦ ਹੋ ਗਈ ਹੈ। ਇਸ ਦੌਰਾਨ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਗੋਬਿੰਦਗੜ੍ਹ ਥਰਮਲ ਪਲਾਂਟ ਨੂੰ ਜਾਣ ਵਾਲੀ ਕੋਲੇ ਨਾਲ ਲੱਦੀ ਮਾਲ ਗੱਡੀ ਪਿਛਲੇ 3 ਦਿਨਾਂ ਤੋਂ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਖੜ੍ਹੀ ਹੈ।
ਜਾਣਕਾਰੀ ਅਨੁਸਾਰ ਇਹ ਸਾਰੀ ਕਾਰਵਾਈ ਵੰਦੇ ਭਾਰਤ ਐਕਸਪ੍ਰੈਸ ਅਤੇ ਹੋਰ ਮੇਲ ਅਤੇ ਐਕਸਪ੍ਰੈਸ ਟਰੇਨਾਂ ਨੂੰ ਸਮੇਂ ਸਿਰ ਚਲਾਉਣ ਲਈ ਕੀਤੀ ਗਈ ਹੈ। ਕੈਂਟ ਰੇਲਵੇ ਸਟੇਸ਼ਨ ‘ਤੇ ਐਤਵਾਰ ਨੂੰ ਆਉਣ ਵਾਲੀਆਂ ਟਰੇਨਾਂ ਸ਼ਾਮ ਨੂੰ ਪੁੱਜੀਆਂ ਅਤੇ ਸ਼ਾਮ ਨੂੰ ਆਉਣ ਵਾਲੀਆਂ ਟਰੇਨਾਂ ਅਗਲੇ ਦਿਨ ਸਵੇਰੇ ਸਟੇਸ਼ਨ ‘ਤੇ ਪਹੁੰਚ ਗਈਆਂ। ਨਵੀਂ ਦਿੱਲੀ ਤੋਂ ਕਟੜਾ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ 22477 17 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ ਜਦਕਿ ਅਮਰਨਾਥ ਐਕਸਪ੍ਰੈਸ 25 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਕਰਮਚਾਰੀਆਂ ਨੂੰ ਸਟੇਸ਼ਨ ‘ਤੇ ਟਰੇਨ ਦੇ ਆਉਣ ਦਾ ਸਹੀ ਸਮਾਂ ਨਹੀਂ ਪਤਾ ਹੈ।
ਦੱਸ ਦੇਈਏ ਕਿ ਪੰਜਾਬ ‘ਚ ਕਿਸਾਨ ਅੰਦੋਲਨ ਜਾਰੀ ਹੈ, ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਸਟੇਸ਼ਨ ‘ਤੇ ਬੈਠੇ ਹਨ। ਅੱਜ 19ਵਾਂ ਦਿਨ ਹੈ ਜਦੋਂ ਕਿਸਾਨ ਅੰਬਾਲਾ-ਲੁਧਿਆਣਾ ਰੇਲ ਸੈਕਸ਼ਨ ’ਤੇ ਬੈਠੇ ਹਨ, ਜਿਸ ਕਾਰਨ 145 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਉਹ ਪਟੜੀਆਂ ‘ਤੇ ਬੈਠੇ ਹਨ, ਜਿਸ ਕਾਰਨ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕਈਆਂ ਦੇ ਰੂਟ ਬਦਲ ਦਿੱਤੇ ਗਏ ਹਨ।ਅਜਿਹੇ ‘ਚ ਹੁਣ ਤੱਕ 3400 ਤੋਂ ਜ਼ਿਆਦਾ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਰੇਲਵੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਐਤਵਾਰ ਨੂੰ ਵੀ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ 145 ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ। ਇਸ ਕਾਰਨ 64 ਟਰੇਨਾਂ ਨੂੰ ਰੱਦ ਕਰਨਾ ਪਿਆ, ਜਦਕਿ 81 ਟਰੇਨਾਂ ਨੂੰ ਬਦਲਵੇਂ ਰੂਟਾਂ ‘ਤੇ ਚਲਾਇਆ ਗਿਆ।
ਅੰਬਾਲਾ ਤੋਂ ਸਾਹਨੇਵਾਲ ਵਾਇਆ ਚੰਡੀਗੜ੍ਹ ਜਾਣ ਵਾਲੀਆਂ ਗੁਡਜ਼ ਟਰੇਨਾਂ ਚੱਲ ਰਹੀਆਂ ਸਨ, ਜਿਸ ਕਾਰਨ ਮੇਲ ਅਤੇ ਐਕਸਪ੍ਰੈੱਸ ਗੱਡੀਆਂ ਘੰਟਿਆਂ ਬੱਧੀ ਦੇਰੀ ਨਾਲ ਚੱਲ ਰਹੀਆਂ ਸਨ। ਸਮਾਂ ਠੀਕ ਕਰਨ ਲਈ ਮਾਲ ਗੱਡੀਆਂ ਦਾ ਸੰਚਾਲਨ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਟਰੈਕ ਦੀ ਸੁਰੱਖਿਆ ਲਈ ਵਾਧੂ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ।