ਲੁਧਿਆਣਾ : ਸੰਘਰਸ਼ਸ਼ੀਲ ਜਥੇਬੰਦੀਆਂ ਨੇ 10 ਸਤੰਬਰ ਨੂੰ ਖੰਨਾ ਨੇੜੇ ਦਿੱਲੀ ਹਾਈਵੇਅ ਜਾਮ ਕਰਨ ਦਾ ਐਲਾਨ ਮੁਲਤਵੀ ਕਰ ਦਿੱਤਾ ਹੈ। ਭਾਵ 10 ਤਰੀਕ ਨੂੰ ਹਾਈਵੇਅ ਜਾਮ ਨਹੀਂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਸਰ ਗੈਸ ਸੰਘਰਸ਼ ਤਾਲਮੇਲ ਕਮੇਟੀ ਦੀ ਤਰਫੋਂ ਡਰੱਗ ਖੋਜ ਵਿਗਿਆਨੀ ਬੀ.ਐਸ.ਔਲਖ ਨੇ ਦੱਸਿਆ ਕਿ ਸਰਕਾਰ ਨੇ 11 ਤਰੀਕ ਨੂੰ ਸਵੇਰੇ 10:30 ਵਜੇ ਗੱਲਬਾਤ ਲਈ ਬੁਲਾਇਆ ਹੈ, ਜਿਸ ਵਿਚ ਪੰਜਾਬ ਸਰਕਾਰ ਦੀ ਤਰਫੋਂ ਇਸ ਦੇ ਮੰਤਰੀ ਅਮਨ. ਅਰੋੜਾ, ਹਰਪਾਲ ਸਿੰਘ ਚੀਮਾ ਅਤੇ ਜਗਮੀਤ ਸਿੰਘ ਖੁੱਡੀਆਂ ਹਾਜ਼ਰ ਰਹਿਣਗੇ।ਜਦੋਂ ਕਿ ਇਸ ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੀ ਤਰਫੋਂ ਸੁਖਦੇਵ ਸਿੰਘ ਭੂੰਦੜੀ ਕੋਆਰਡੀਨੇਟਰ, ਕਮਲਜੀਤ ਖੰਨਾ, ਬਲਵੰਤ ਘੁਡਾਣੀ, ਸੁਰਜੀਤ ਸਿੰਘ, ਸਰਪੰਚ ਚਰਨਜੀਤ ਸਿੰਘ, ਗੁਰਿੰਦਰ ਗੁਰੀ, ਹਰਮੇਲ ਸਿੰਘ, ਮਾਲਵਿੰਦਰ ਲਵਲੀ ਅਤੇ ਹੋਰ ਮੈਂਬਰ ਹਾਜ਼ਰੀ ਭਰਨਗੇ।
ਔਲਖ ਨੇ ਦੱਸਿਆ ਕਿ ਬੀਤੀ 20 ਅਗਸਤ ਨੂੰ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਬਾਇਓਗੈਸ ਪਲਾਂਟਾਂ ਸਬੰਧੀ ਇੱਕ ਪੇਸ਼ਕਾਰੀ ਸਰਕਾਰ ਦੀ ਤਰਫੋਂ ਮੌਜੂਦ ਵੱਖ-ਵੱਖ ਵਿਗਿਆਨੀਆਂ, ਮਾਹਿਰਾਂ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦਿੱਤੀ ਸੀ।ਇਸ ਦੇ ਜਵਾਬ ਵਿੱਚ ਉਹ ਕੋਈ ਵੀ ਠੋਸ ਪੱਖ ਪੇਸ਼ ਨਹੀਂ ਕਰ ਸਕੇ ਜਿਸ ਸਬੰਧੀ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਾਇਓ ਗੈਸ ਪਲਾਂਟ ਹਰੀ ਕ੍ਰਾਂਤੀ ਦਾ ਹਿੱਸਾ ਹਨ ਅਤੇ ਇਨ੍ਹਾਂ ਨਾਲ ਵਾਤਾਵਰਨ, ਧਰਤੀ ਹੇਠਲੇ ਪਾਣੀ ਅਤੇ ਲੋਕਾਂ ਦੀ ਸਿਹਤ ਨੂੰ ਕੋਈ ਖ਼ਤਰਾ ਨਹੀਂ ਹੈ।