ਵਿਗੜਦੀ ਜੀਵਨ ਸ਼ੈਲੀ ਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। WHO ਅਨੁਸਾਰ ਦਿਲ ਦੀ ਬਿਮਾਰੀ ਜਾਨਲੇਵਾ ਬਿਮਾਰੀ ਹੈ। ਇਸ ਦੀ ਸਭ ਤੋਂ ਗੰਭੀਰ ਗੱਲ ਇਹ ਹੈ ਕਿ ਇਸ ਦਾ ਖਤਰਾ ਵਧਦੀ ਉਮਰ ਦੇ ਨਾਲ ਵਧਦਾ ਜਾਂਦਾ ਹੈ। ਇੱਥੋਂ ਤੱਕ ਕਿ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਜੀਵਨ ਸ਼ੈਲੀ ਤੇ ਖੁਰਾਕ ਦਿਲ ਦੇ ਰੋਗਾਂ ਦੇ ਮੁੱਖ ਕਾਰਨ ਹਨ, ਪਰ ਇੱਕ ਅਧਿਐਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੁਝ ਵਿਟਾਮਿਨਾਂ ਦੀ ਕਮੀ ਵੀ ਦਿਲ ਦੀਆਂ ਬਿਮਾਰੀਆਂ ਨੂੰ ਵਧਾ ਸਕਦੀ ਹੈ।
ਯੂਰਪੀਅਨ ਹਾਰਟ ਜਰਨਲ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਵਿੱਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ, ਉਨ੍ਹਾਂ ਵਿੱਚ ਦੂਜੇ ਲੋਕਾਂ ਦੇ ਮੁਕਾਬਲੇ ਦਿਲ ਨਾਲ ਸਬੰਧਤ ਕਈ ਬਿਮਾਰੀਆਂ ਦਾ ਖ਼ਤਰਾ ਵੱਧ ਹੋ ਸਕਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਵਿਟਾਮਿਨ ਡੀ ਨੂੰ ਪੂਰਾ ਕਰਨ ਵਾਲੀਆਂ ਚੀਜ਼ਾਂ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਵਿਟਾਮਿਨ ਸਰੀਰ ਲਈ ਬਹੁਤ ਜ਼ਰੂਰੀ ਹੈ।
ਇਸ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਵਿੱਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ, ਉਨ੍ਹਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਨੂੰ ਦਿਲ ਦੇ ਰੋਗ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਇਸ ਵਿਟਾਮਿਨ ਦੀ ਕਮੀ ਕਾਰਨ ਹਾਰਟ ਅਟੈਕ, ਹਾਰਟ ਫੇਲ੍ਹ ਵਰਗੀਆਂ ਬੀਮਾਰੀਆਂ ਦਾ ਖਤਰਾ ਦੂਜੇ ਲੋਕਾਂ ਦੇ ਮੁਕਾਬਲੇ ਦੁੱਗਣਾ ਹੋ ਸਕਦਾ ਹੈ। ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ‘ਚ ਪ੍ਰੋਫੈਸਰ ਏਲੇਨਾ ਹਾਈਪੋਨੇਨ ਦਾ ਕਹਿਣਾ ਹੈ ਕਿ ਲੋਕਾਂ ‘ਚ ਵਿਟਾਮਿਨ ਡੀ ਦੀ ਗੰਭੀਰ ਕਮੀ ਦੇ ਮਾਮਲੇ ਘੱਟ ਹੀ ਦੇਖਣ ਨੂੰ ਮਿਲਦੇ ਹਨ।
ਹਾਲਾਂਕਿ, ਇਸ ਦੀ ਆਮ ਕਮੀ ਦਿਲ ‘ਤੇ ਵੀ ਮਾੜਾ ਪ੍ਰਭਾਵ ਪਾ ਸਕਦੀ ਹੈ। ਅਧਿਐਨ ‘ਚ ਦੱਸਿਆ ਗਿਆ ਹੈ ਕਿ ਸ਼ਹਿਰਾਂ ‘ਚ ਰਹਿਣ ਵਾਲੇ ਲੋਕਾਂ ‘ਚ ਵਿਟਾਮਿਨ ਡੀ ਦੀ ਕਮੀ ਜ਼ਿਆਦਾ ਹੁੰਦੀ ਹੈ। ਇਸ ਦਾ ਇੱਕ ਕਾਰਨ ਲੋੜੀਂਦੀ ਧੁੱਪ ਨਾ ਮਿਲਣਾ ਹੈ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇਹ ਅਧਿਐਨ ਲਗਪਗ 267,980 ਲੋਕਾਂ ‘ਤੇ ਕੀਤਾ ਗਿਆ ਹੈ। ਇਸ ਵਿੱਚ ਵਿਟਾਮਿਨ ਡੀ ਦੀ ਕਮੀ ਤੇ ਸੀਵੀਡੀ ਦੇ ਵਿੱਚ ਸਬੰਧ ਦੇ ਨਤੀਜੇ ਪਾਏ ਗਏ ਹਨ।
ਸਿਹਤ ਮਾਹਿਰਾਂ ਅਨੁਸਾਰ ਖੁਰਾਕ ਵਿੱਚ ਕੁਝ ਖਾਸ ਬਦਲਾਅ ਕਰਕੇ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਹਰ ਕਿਸੇ ਨੂੰ ਸਵੇਰੇ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣਾ ਚਾਹੀਦਾ ਹੈ। ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਖੁਰਾਕ ਵਿੱਚ ਪਨੀਰ, ਅੰਡੇ ਤੇ ਮੂੰਗਫਲੀ ਦੇ ਨਾਲ-ਨਾਲ ਫੈਟੀ ਮੱਛੀ, ਜਿਵੇਂ ਕਿ ਟੁਨਾ, ਮੈਕਰੇਲ ਤੇ ਸਾਲਮਨ, ਕੁਝ ਡੇਅਰੀ ਉਤਪਾਦ, ਸੰਤਰੇ, ਸੋਇਆ ਦੁੱਧ ਤੇ ਸਾਬਤ ਅਨਾਜ ਨੂੰ ਸ਼ਾਮਲ ਕਰਕੇ ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ।