ਪਟਿਆਲਾ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਅੱਜ ਸੂਬੇ ਵਿਚ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰਨ ਦਾ ਪਿਛਲੇ ਕਈ ਸਾਲਾਂ ਤੋਂ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਪਿਛਲੇ ਸਾਲ ਪਾਵਰਕੌਮ ਨੇ ਝੋਨੇ ਦੀ ਲਵਾਈ ਦੇ ਪਹਿਲੇ ਪੜਾਅ ਦੌਰਾਨ 15325 ਮੈਗਾਵਾਟ ਬਿਜਲੀ ਸਪਲਾਈ ਕਰਨ ਦਾ ਰਿਕਾਰਡ ਕਾਇਮ ਕੀਤਾ ਸੀ ਜਦਕਿ ਅੱਜ ਇਸ ਨੇ 15379 ਮੈਗਾਵਾਟ ਬਿਜਲੀ ਸਪਲਾਈ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪਾਵਰਕੌਮ ਦੇ ਇਤਿਹਾਸ ਵਿੱਚ ਇਹ ਬਹੁਤ ਵੱਡੀ ਪ੍ਰਾਪਤੀ ਹੈ।
ਇਸ ਸਮੇਂ ਸੂਬੇ ਵਿੱਚ 6200 ਮੈਗਾਵਾਟ ਬਿਜਲੀ ਆਪਣੇ ਸਰੋਤਾਂ ਤੋਂ ਪੈਦਾ ਕੀਤੀ ਜਾ ਰਹੀ ਹੈ ਅਤੇ 8900 ਮੈਗਾਵਾਟ ਬਿਜਲੀ ਉੱਤਰੀ ਗਰਿੱਡ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਜਦੋਂ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਬਿਜਲੀ ਦੀ ਮੰਗ 125600 ਮੈਗਾਵਾਟ ਸੀ, ਅੱਜ ਤੀਜੇ ਦਿਨ ਇਹ 2500 ਮੈਗਾਵਾਟ ਵਧ ਗਈ।
ਪਾਵਰਕੌਮ ਦੇ ਸੂਤਰਾਂ ਅਨੁਸਾਰ ਬੁੱਧਵਾਰ ਨੂੰ ਬਿਜਲੀ ਦੀ ਸਪਲਾਈ 2709 ਮਿਲੀਅਨ ਯੂਨਿਟ ਰਹੀ ਅਤੇ ਵੱਧ ਤੋਂ ਵੱਧ ਮੰਗ 14794 ਮੈਗਾਵਾਟ ਰਹੀ। ਬੁੱਧਵਾਰ ਨੂੰ ਇਸ ਦੇ ਥਰਮਲਾਂ ਤੋਂ 401 ਲੱਖ ਯੂਨਿਟ ਬਿਜਲੀ ਪ੍ਰਾਪਤ ਹੋਈ, ਰਾਜਪੁਰਾ ਅਤੇ ਤਲਵੰਡੀ ਸਾਬੋ ਤੋਂ 724 ਲੱਖ ਯੂਨਿਟ ਬਿਜਲੀ ਪ੍ਰਾਪਤ ਹੋਈ। ਜੂਨ ਦੇ ਪਹਿਲੇ 12 ਦਿਨਾਂ ਵਿੱਚ ਪਾਵਰਕੌਮ ਨੇ 29298 ਲੱਖ ਯੂਨਿਟ ਬਿਜਲੀ ਦੀ ਸਪਲਾਈ ਕੀਤੀ ਹੈ, ਜਦੋਂ ਕਿ ਪਿਛਲੇ ਸਾਲ 20898 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਸੀ।
ਕੋਲੇ ਦੇ ਸਟਾਕ ਦੀ ਗੱਲ ਕਰੀਏ ਤਾਂ ਤਲਵੰਡੀ ਸਾਬੋ ਪਲਾਂਟ ਕੋਲ ਸਿਰਫ 4 ਦਿਨਾਂ ਦਾ ਕੋਲਾ ਹੈ ਅਤੇ ਹੋਰ ਪਲਾਂਟਾਂ ਕੋਲ ਲੋੜ ਤੋਂ ਵੱਧ ਕੋਲਾ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1584 ਫੁੱਟ ਹੈ ਜੋ ਕਿ ਪਿਛਲੇ ਸਾਲ ਦੇ 1571 ਫੁੱਟ ਨਾਲੋਂ 13 ਫੁੱਟ ਵੱਧ ਹੈ। ਪਿਛਲੇ ਸਾਲ ਜੂਨ ਮਹੀਨੇ ਵਿੱਚ ਪਾਵਰਕੌਮ ਨੇ 23 ਜੂਨ ਨੂੰ ਸਭ ਤੋਂ ਵੱਧ 15325 ਮੈਗਾਵਾਟ ਬਿਜਲੀ ਸਪਲਾਈ ਕਰਨ ਦਾ ਰਿਕਾਰਡ ਬਣਾਇਆ ਸੀ ਜਦੋਂਕਿ ਇਸ ਵਾਰ ਪਾਵਰਕੌਮ 16500 ਮੈਗਾਵਾਟ ਬਿਜਲੀ ਸਪਲਾਈ ਕਰਨ ਦੇ ਸਮਰੱਥ ਹੈ।