ਇੰਡੀਆ ਨਿਊਜ਼
ਬੀਬੀ ਪ੍ਰਕਾਸ਼ ਕੌਰ ਨੂੰ ਪਦਮਸ਼੍ਰੀ ਨਾਲ ਕੀਤਾ ਗਿਆ ਸਨਮਾਨਿਤ
Published
3 years agoon
ਤੁਹਾਨੂੰ ਦੱਸ ਦਿੰਦੇ ਹਾਂ ਕਿ ਜਲੰਧਰ ਦੀ ਬੀਬੀ ਪ੍ਰਕਾਸ਼ ਕੌਰ ਨੇ ਜਲੰਧਰ ਦਾ ਹੀ ਨਹੀਂ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਮੰਗਲਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਅਨਾਥ ਲੜਕੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਹ ਅਨਾਥ ਕੁੜੀਆਂ ਨੂੰ ਗੋਦ ਲੈਂਦੇ ਹਨ ਅਤੇ ਉਨ੍ਹਾਂ ਨੂੰ ਮਾਂ ਵਾਲਾ ਪਿਆਰ ਦਿੰਦੇ ਹਨ। ਸਮਾਜ ਵਿੱਚ ਕੁੜੀਆਂ ਨਾਲ ਹੋ ਰਹੇ ਤਸ਼ੱਦਦਾਂ ਨੂੰ ਜੜ੍ਹੋਂ ਪੁੱਟਣ ਵਿੱਚ ਜੁਟੀ ਪ੍ਰਕਾਸ਼ ਕੌਰ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਯੂਨੀਕ ਹੋਮ ਚਲਾ ਰਹੀ ਹੈ। ਉਹ ਮਾਪਿਆਂ ਵੱਲੋਂ ਠੁਕਰਾਈਆਂ ਜਾ ਚੁੱਕੀਆਂ, ਸੜਕਾਂ ਦੇ ਕੰਢੇ ਤੇ ਝਾੜੀਆਂ ਵਿੱਚ ਸੁੱਟੀਆਂ ਗਈਆਂ ਕੁੜੀਆਂ ਨੂੰ ਆਪਣੇ ਕੋਲ ਰਖਦੇ ਹਨ। ਉਨ੍ਹਾਂ ਦੇ ਪਾਲਣ ਪੋਸ਼ਣ ਤੋਂ ਲੈ ਕੇ ਪੜ੍ਹਾਈ ਤੱਕ ਦੀ ਪੂਰੀ ਸੇਵਾ ਕਰਦੇ ਹਨ। ਬੀਬੀ ਪ੍ਰਕਾਸ਼ ਕੌਰ ਯੂਨੀਕ ਹੋਮ ਵਿੱਚ ਰਹਿਣ ਵਾਲੀਆਂ ਲੜਕੀਆਂ ਨੂੰ ਧੀਆਂ ਵਾਂਗ ਸੰਭਾਲਦੇ ਹਨ ਅਤੇ ਉਨ੍ਹਾਂ ਦੇ ਵਿਆਹ ਆਪ ਹੀ ਕਰਵਾਉਂਦੇ ਹਨ। ਕਈ ਵਾਰ ਮਾਪੇ ਆਪ ਹੀ ਰਾਤ ਦੇ ਹਨੇਰੇ ਵਿੱਚ ਬੱਚੀਆਂ ਨੂੰ ਯੂਨੀਕ ਹੋਮ ਛੱਡ ਜਾਂਦੇ ਹਨ। ਇਸ ਤਰ੍ਹਾਂ ਕੁੜੀਆਂ ਤੋਂ ਮਾਪਿਆਂ ਦਾ ਮੂੰਹ ਮੋੜਨਾ ਅਤੇ ਉਨ੍ਹਾਂ ਨੂੰ ਛੱਡਣਾ ਉਨ੍ਹਾਂ ਨੂੰ ਬਹੁਤ ਦੁਖੀ ਕਰਦਾ ਹੈ। ਉਹ ਕਹਿੰਦੇ ਹਨ ਕਿ ਧੀਆਂ ਨੂੰ ਇਸ ਤਰ੍ਹਾਂ ਨਾ ਸੁੱਟੋ, ਮੈਨੂੰ ਲਿਆ ਕੇ ਦਿਓ। ਇਸ ਸੋਚ ਅਤੇ ਸਮਾਜ ਪ੍ਰਤੀ ਪਿਆਰ ਅਤੇ ਕੁੜੀਆਂ ਪ੍ਰਤੀ ਪ੍ਰੇਮ ਦੇ ਮੱਦੇਨਜ਼ਰ ਅੱਜ ਉਨ੍ਹਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਉੱਥੇ ਹੀ ਰਿਲਾਇੰਸ ਗਰੁੱਪ ਦੀ ਨੀਤਾ ਅੰਬਾਨੀ ਨੇ ਉਨ੍ਹਾਂ ਨੂੰ ਰੀਅਲ ਹੀਰੋ ਐਵਾਰਡ ਨਾਲ ਸਨਮਾਨਿਤ ਕਰ ਚੁੱਕੀ ਹੈ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਵੀ ਯੂਨੀਕ ਹੋਮ ਦਾ ਦੌਰਾ ਕੀਤਾ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਪਹਿਲਾਂ ਉਨ੍ਹਾਂ ਨੇ ਅਵਤਾਰ ਨਗਰ ਵਿੱਚ ਮਾਡਲ ਹਾਊਸ ਰੋਡ ’ਤੇ ਯੂਨੀਕ ਹੋਮ ਨਾਂ ਦੀ ਸੰਸਥਾ ਬਣਾ ਕੇ ਅਨਾਥ ਕੁੜੀਆਂ ਨੂੰ ਗੋਦ ਲੈਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਗਿਣਤੀ ਵਧਦੀ ਗਈ। ਦੇਸ਼-ਵਿਦੇਸ਼ ਦੀਆਂ ਸਾਰੀਆਂ ਸੰਸਥਾਵਾਂ ਤੋਂ ਵਿੱਤੀ ਸਹਾਇਤਾ ਵੀ ਆਉਣ ਲੱਗੀ। ਇਸ ਤੋਂ ਬਾਅਦ ਉਨ੍ਹਾਂ ਨੇ ਨਕੋਦਰ ਰੋਡ ‘ਤੇ ਵੀ ਨਵਾਂ ਯੂਨੀਕ ਹੋਮ ਬਣਵਾਇਆ ਹੈ।