ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ’ਚ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਬਿਲਕੁੱਲ ਸਹਿਣ ਨਹੀਂ ਕਰੇਗੀ ਅਤੇ ਇਸ ਨੂੰ ਹਰ ਹਾਲ ’ਚ ਖ਼ਤਮ ਕੀਤਾ ਜਾਵੇਗਾ। ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਐਂਟੀ ਕੁਰੱਪਸ਼ਨ ਐਕਸ਼ਨ ਹੈਲਪਲਾਈਨ ’ਤੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਰਿਸ਼ਵਤ ਮੰਗਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜਨਤਾ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਉਨ੍ਹਾਂ ਦੀ ਸਰਕਾਰ ਨੂੰ ਭਾਰੀ ਬਹੁਮਤ ਵਿਧਾਨ ਸਭਾ ਚੋਣਾਂ ’ਚ ਦਿੱਤਾ ਹੈ ਅਤੇ ਜਨਤਾ ਨੂੰ ਹਰ ਹਾਲ ’ਚ ਰਿਸ਼ਵਤਖੋਰੀ ਤੋਂ ਮੁਕਤੀ ਦਿਵਾਈ ਜਾਵੇਗੀ।
ਭਗਵੰਤ ਮਾਨ ਸਰਕਾਰ ਵੱਲੋਂ ਬਣਾਈ ਗਈ ਐਂਟੀ-ਕੁਰੱਪਸ਼ਨ ਐਕਸ਼ਨ ਹੈਲਪਲਾਈਨ ’ਤੇ ਸ਼ਿਕਾਇਤਾਂ ਭੇਜਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਨਾ ਸਿਰਫ਼ ਨਵੀਆਂ ਸ਼ਿਕਾਇਤਾਂ, ਸਗੋਂ ਲੋਕਾਂ ਨੇ ਹੁਣ ਪੁਰਾਣੀਆਂ ਸ਼ਿਕਾਇਤਾਂ ਵੀ ਐਕਸ਼ਨ ਹੈਲਪਲਾਈਨ ’ਤੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਬੇ ’ਚ ਲੋਕ ਭ੍ਰਿਸ਼ਟਾਚਾਰ ਤੋਂ ਕਾਫ਼ੀ ਪ੍ਰੇਸ਼ਾਨ ਰਹੇ ਹਨ। ਉਸ ਨੂੰ ਵੇਖਦੇ ਹੋਏ ਹੁਣ ਉਨ੍ਹਾਂ ਨੂੰ ਐਕਸ਼ਨ ਹੈਲਪਲਾਈਨ ਦੇ ਰੂਪ ’ਚ ਇਕ ਹਥਿਆਰ ਮਿਲ ਗਿਆ ਹੈ। ਇਸ ਦਾ ਇਕ ਮਨੋਵਿਗਿਆਨਕ ਅਸਰ ਵੀ ਹੋਣਾ ਸ਼ੁਰੂ ਹੋ ਗਿਆ ਹੈ।