ਲੁਧਿਆਣਾ : ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀ.ਐੱਮ.ਸੀ.) ਦੇ ਸਾਬਕਾ ਲੈਕਚਰਾਰ ਅਤੇ ਗ੍ਰੇਗਰ ਮੈਂਡਲ ਇੰਸਟੀਚਿਊਟ ਫਾਰ ਰਿਸਰਚ ਇਨ ਜੈਨੇਟਿਕਸ ਦੇ ਨਿਰਦੇਸ਼ਕ ਡਾ.ਬੀ.ਐੱਸ. ਔਲਖ ਨੇ ਦਾਅਵਾ ਕੀਤਾ ਹੈ ਕਿ ਜਾਨਵਰਾਂ ਵਿੱਚ ਫੈਲੀ ਲੰਪੀ ਸਕਿਨ ਦੀ ਬਿਮਾਰੀ ‘ਤੇ ਆਯੁਰਵੇਦ ਵਿਭਾਗ ਵੱਲੋਂ ਪ੍ਰਵਾਨਿਤ ਆਯੁਰਵੈਦਿਕ ਦਵਾਈ ਅਲਪਰੋ ਸੌਕਸਹਮ ਚਮੜੀ ਦੇ ਰੋਗਾਂ ‘ਤੇ ਕਾਰਗਰ ਸਾਬਤ ਹੋ ਸਕਦੀ ਹੈ। ਸਰਕਾਰ ਨੂੰ ਤੁਰੰਤ ਇਸ ਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਦੇਣੀ ਚਾਹੀਦੀ ਹੈ।
ਡਾ: ਔਲਖ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਹੈ, ਜਿਸ ‘ਚ ਉਨ੍ਹਾਂ ਆਯੁਰਵੈਦ ਵਿਭਾਗ ਵੱਲੋਂ ਲੰਪੀ ਬਿਮਾਰੀ ‘ਚ ਪ੍ਰਵਾਨਿਤ ਦਵਾਈਆਂ ਦੀ ਐਮਰਜੈਂਸੀ ਵਰਤੋਂ ਕਰਨ ਦੀ ਮੰਗ ਕੀਤੀ ਹੈ | ਡਾ: ਔਲਖ ਨੇ ਦੱਸਿਆ ਕਿ ਇਸ ਦਵਾਈ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਜੇਕਰ ਸਰਕਾਰ ਚਾਹੇ ਤਾਂ ਇਸ ਦਵਾਈ ਨੂੰ ਬਿਮਾਰ ਜਾਨਵਰਾਂ ‘ਤੇ ਟਰਾਇਲ ਵਜੋਂ ਵਰਤਣ ਦੀ ਕੋਸ਼ਿਸ਼ ਕਰ ਸਕਦੀ ਹੈ।