ਪੰਜਾਬੀ
ਜਲ ਸਪਲਾਈ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਐਕਸੀਅਨ ਦਾ ਘਿਰਾਓ ਕਰਨ ਦੀ ਚਿਤਾਵਨੀ
Published
3 years agoon
ਲੁਧਿਆਣਾ : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਕੁਲਦੀਪ ਸਿੰਘ ਬੁੱਢੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਕੁਤਬੇਵਾਲ, ਬਲਾਕ ਪ੍ਰਧਾਨ ਜਗਜੀਤ ਸਿੰਘ ਭੂਖੜੀ , ਜ਼ਿਲ੍ਹਾ ਮੀਤ ਪ੍ਰਧਾਨ ਚਰਨ ਸਿੰਘ ਗੌਂਸਪੁਰ ਅਤੇ ਵਿੱਤ ਸਕੱਤਰ ਜਸਵੰਤ ਸਿੰਘ ਨੇ ਕਿਹਾ ਕਿ ਜ.ਸ.ਸ. ਵਿਭਾਗ ਮੰਡਲ-2 ਲੁਧਿਆਣਾ ਦੇ ਕਾਰਜਕਾਰੀ ਇੰਜੀਨੀਅਰ, ਠੇਕਾ ਕਾਮਿਆਂ ਨੂੰ ਨਵੇਂ ਰੇਟ ਮੁਤਾਬਿਕ ਤਨਖਾਹਾਂ ਵਿਚ ਵਾਧਾ ਕਰਨ ਅਤੇ ਹੋਰਨਾਂ ਮੰਗਾਂ ਦਾ ਹੱਲ ਕਰਨ ਲਈ ਗੰਭੀਰ ਨਹੀਂ ਹਨ।
ਆਗੂਆਂ ਨੇ ਕਿਹਾ ਕਿ ਉਕਤ ਕਾਰਜਕਾਰੀ ਇੰਜੀਨੀਅਰ ਵਲੋਂ ਜਥੇਬੰਦੀ ਦੇ ਆਗੂਆਂ ਨਾਲ 19 ਜਨਵਰੀ ਤੇ ਫਿਰ 7 ਫਰਵਰੀ ਨੂੰ ਮੀਟਿੰਗ ਕਰਕੇ ਮੰਗਾਂ ਸਬੰਧੀ ਪ੍ਰੋਸੀਡਿੰਗ ਵੀ ਜਾਰੀ ਕੀਤੀ ਗਈ ਸੀ, ਜਿਸਦੇ ਬਾਅਦ ਮਿਤੀ 24 ਫਰਵਰੀ ਨੂੰ ਦੁਬਾਰਾ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਸੀ, ਪ੍ਰੰਤੂ ਅੱਜ ਜਦੋਂ ਜਥੇਬੰਦੀ ਦੇ ਆਗੂ ਦਿੱਤੇ ਸਮੇਂ ਮੁਤਾਬਿਕ ਐਕਸੀਅਨ ਦਫਤਰ ਪਹੁੰਚੇ ਅਤੇ ਐਕਸੀਅਨ ਆਪਣੇ ਦਫਤਰ ਵਿਚ ਨਾ ਹੋਣ ਕਾਰਨ ਅੱਜ ਮੀਟਿੰਗ ਨਹੀਂ ਹੋ ਸਕੀ ਹੈ।
ਆਗੂਆਂ ਨੇ ਕਿਹਾ ਕਿ ਇਸ ਦੇ ਬਾਅਦ ਅੱਗੇ ਮੀਟਿੰਗ ਕਰਨ ਲਈ ਨਾ ਤਾਂ ਜਥੇਬੰਦੀ ਨੂੰ ਕੋਈ ਸਮਾਂ ਦਿੱਤਾ ਗਿਆ ਹੈ ਅਤੇ ਨਾ ਹੀ ਕਾਮਿਆਂ ਦੀਆਂ ਨਵੇਂ ਰੇਟਾਂ ਮੁਤਾਬਿਕ ਤਨਖਾਹਾਂ ਵਧਾਉਣ ਦੀ ਮੰਗ ਦਾ ਹੱਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਮਿਆਂ ਨੂੰ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਮਿਲੀ, ਜਦਕਿ ਹੁਣ ਲਗਭਗ ਫਰਵਰੀ ਮਹੀਨਾ ਵੀ ਪੂਰਾ ਹੋਣ ਵਾਲਾ ਹੈ
ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਦੋ ਧਿਰੀ ਗੱਲਬਾਤ ਕਰਕੇ ਕਾਮਿਆਂ ਨੂੰ ਨਵੇਂ ਰੇਟ ਮੁਤਾਬਿਕ ਤਨਖਾਹਾਂ ਦਿੱਤੀਆਂ ਜਾਣ ਅਤੇ ਹੋਰਨਾਂ ਜਾਇਜ ਮੰਗਾਂ ਦਾ ਹੱਲ ਕੀਤਾ ਜਾਵੇ ਅਤੇ ਜੇਕਰ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਮਜ਼ਬੂਰਨ ਐਕਸੀਅਨ ਦਫ਼ਤਰ ਲੁਧਿਆਣਾ ਮੰਡਲ-2 ਦਾ ਘਿਰਾਓ ਕਰਕੇ ਪਰਿਵਾਰਾਂ ਅਤੇ ਬੱਚਿਆ ਸਮੇਤ ਧਰਨਾ ਦਿੱਤਾ ਜਾਵੇਗਾ।