Connect with us

ਖੇਤੀਬਾੜੀ

ਮੌਸਮ ਦੀ ਜਾਣਕਾਰੀ ਅਤੇ ਖੇਤੀ ਸਾਹਿਤ ਬਾਰੇ ਲਗਾਇਆ ਜਾਗਰੂਕਤਾ ਕੈਂਪ

Published

on

Awareness camp on weather information and agricultural literature

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੌਸਮੀ ਸੇਵਾਵਾਂ, ਮੌਸਮ ਸੰਬੰਧੀ ਮੋਬਾਇਲ ਐਪਾਂ ਅਤੇ ਖੇਤੀ ਸਾਹਿਤ ਬਾਰੇ ਲੁਧਿਆਣਾ ਦੇ ਪੱਖੋਵਾਲ ਬਲਾਕ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 100 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਮਾਹਿਰਾਂ ਨਾਲ ਖੇਤੀ ਸੰਬੰਧੀ ਆਪਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ।

ਇਹ ਕੈਂਪ ਭਾਰਤ ਵਿਗਿਆਨ ਵਿਭਾਗ ਦੇ ਗ੍ਰਾਮੀਨ ਕ੍ਰਿਸ਼ੀ ਮੌਸਮ ਸੇਵਾ ਪ੍ਰਜੈਕਟ ਦੇ ਅਧੀਨ ਲਗਾਇਆ ਗਿਆ ਅਤੇ ਪੱਖੋਵਾਲ ਬਲਾਕ ਦੇ ਖੇਤੀਬਾੜੀ ਅਫਸਰ ਡਾ ਪ੍ਰਕਾਸ਼ ਸਿੰਘ ਨੇ ਆਏ ਹੋਏ ਮਾਹਿਰਾਂ ਅਤੇ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਸਮਾਗਮ ਦਾ ਅਗਾਜ਼ ਕੀਤਾ।ਇਸ ਮੌਕੇ ਕਿਸਾਨਾਂ ਨੂੰ ਖੇਤੀ ਸਾਹਿਤ ਨਾਲ ਜੋੜ੍ਹਨ ਲਈ ਸਮਾਗਮ ਵਿੱਚ ਸ਼ਾਮਿਲ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਿਤ ਕਿਤਾਬਾਂ ਵੀ ਮੁਫਤ ਦਿੱਤੀਆ ਗਈਆਂ।

ਡਾ ਅੰਮ੍ਰਿਤਪਾਲ ਸਿੰਘ ਬਰਾੜ, ਸੀਨੀਅਰ ਵਿਗਿਆਨੀ ਫਸਲ ਵਿਗਿਆਨ ਵਿਭਾਗ ਨੇ ਕਿਸਾਨਾਂ ਨੂੰ ਕਣਕ ਦੀਆਂ ਕਾਸ਼ਤਕਾਰੀ ਤਕਨੀਕਾਂ, ਖਾਦਾਂ, ਰਸਾਇਣਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਪੱਤਾ ਰੰਗ ਚਾਰਟ ਦੇ ਹਿਸਾਬ ਨਾਲ ਯੂਰੀਆ ਵਰਤਣ ਦੀ ਅਪੀਲ ਕੀਤੀ। ਡਾ ਪਰਮਿੰਦਰ ਸਿੰਘ, ਪੌਦਾ ਰੋਗ ਵਿਗਿਆਨੀ ਨੇ ਕਣਕ ਵਿੱਚ ਆਉਣ ਵਾਲੀਆ ਬਿਮਾਰੀਆਂ ਬਾਰੇ ਜਾਗਰੂਕ ਕਰਵਾਇਆ ਅਤੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਬਾਖੂਬੀ ਜਵਾਬ ਵੀ ਦਿਤੇ।

ਡਾ ਯੁਵਰਾਜ ਸਿੰਘ ਪਾਂਧਾ, ਸੀਨੀਅਰ ਕੀਟ ਵਿਗਿਆਨੀ ਨੇ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਕਣਕ ਵਿੱਚ ਤੇਲੇ ਅਤੇ ਚੇਪੇ ਦੇ ਹਮਲੇ ਤੋਂ ਸੁਚੇਤ ਰਹਿਣ ਲਈ ਅਪੀਲ ਕੀਤੀ। ਡਾ ਦਿਲਪ੍ਰੀਤ ਸਿੰਘ, ਸਬਜ਼ੀ ਵਿਗਿਆਨੀ ਨੇ ਕਿਸਾਨਾਂ ਨੂੰ ਸਪ੍ਰੇਅ ਰਹਿਤ ਸਬਜ਼ੀ ਉਤਪਾਦਨ ਲਈ ਘਰੇਲੂ ਬਗੀਚੀ ਲਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਨੂੰ ਮਾਹਿਰਾਂ ਨਾਲ ਰਾਬਿਤਾ ਕਾਇਮ ਰੱਖਣ ਤੇ ਜ਼ੋਰ ਦਿੱਤਾ।ਡਾ ਕੁਲਵਿੰਦਰ ਕੌਰ ਗਿੱਲ, ਮੌਸਮ ਵਿਗਿਆਨੀ ਨੇ ਮੌਸਮੀ ਸੇਵਾਵਾਂ ਦੀ ਰੂਪ ਰੇਖਾ ਬਾਰੇ ਦੱਸਿਆਂ ਅਤੇ ਕਿਸਾਨਾਂ ਨੂੰ ਮੌਸਮ ਸੰਬੰਧੀ ਵੱਖ-ਵੱਖ ਮੋਬਾਇਲ ਐਪਾ ਬਾਰੇ ਜਾਣੂੰ ਕਰਵਾਇਆ ਅਤੇ ਇਨ੍ਹਾਂ ਦਾ ਫਾਇਦਾ ਲੈਣ ਦੀ ਅਪੀਲ ਕੀਤੀ।

 

Facebook Comments

Trending