ਲੁਧਿਆਣਾ : ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਤੀਜ ਦਾ ਤਿਉਹਾਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਹੋ ਕੇ ਮਨਾਇਆ ਗਿਆ। ਇਸ ਮੌਕੇ ਪ੍ਰੋਫ਼ੈਸਰ ਸਾਹਿਬਾਨਾਂ ਵੱਲੋਂ ਸਾਉਣ ਦਾ ਮਹੀਨਾ, ਸੰਧਾਰਾ ਅਤੇ ਤੀਆਂ ਦੇ ਮਹੱਤਵ ਨੂੰ ਵਿਦਿਆਰਥਣਾਂ ਦੇ ਸਨਮੁੱਖ ਬੜੇ ਰੌਚਕ ਢੰਗ ਦੇ ਨਾਲ ਪੇਸ਼ ਕੀਤਾ ਗਿਆ।
ਵਿਦਿਆਰਥਣਾਂ ਵੱਲੋਂ ਗਿੱਧੇ ਦਾ ਪਿੜ ਪੂਰੇ ਜੋਸ਼ ਨਾਲ ਮਘਾਇਆ ਗਿਆ। ਵਿਦਿਆਰਥਣਾਂ ਵੱਲੋਂ ਲਾਈ ਗਈ ਬੋਲੀਆਂ ਦੀ ਛਹਿਬਰ ਨੇ ਬਹੁਤ ਰੌਣਕਾਂ ਲਾਈਆਂ। ਇਸ ਮੌਕੇ ਗਿੱਧਾ ਮੁਕਾਬਲਾ ਵਿੱਚ ਰਿਸ਼ੀਕਾ ਚਾਵਲਾ ਜੇਤੂ ਰਹੀ ਅਤੇ ਉਤਸ਼ਾਹ ਵਧਾਊ ਪੁਰਸਕਾਰ ਪਰਮਿੰਦਰ ਕੌਰ ਨੂੰ ਮਿਲਿਆ, ਢੋਲਕੀ ਦੇ ਨਾਲ ਲੋਕ ਗੀਤ ਗਾਇਨ ਮੁਕਾਬਲਾ ਸਾਕੀ ਦੂਆ ਨੂੰ ਜਿੱਤਿਆ ਅਤੇ ਉਤਸ਼ਾਹ ਵਧਾਊ ਪੁਰਸਕਾਰ ਮਨਮੀਤ ਨੂੰ ਮਿਲਿਆ।
ਸੁੰਦਰ ਪੰਜਾਬੀ ਪੁਸ਼ਾਕ ਦਾ ਮੁਕਾਬਲਾ ਖੁਸ਼ੀ ਗੁਪਤਾ ਨੇ ਜਿੱਤਿਆ ਅਤੇ ਉਤਸ਼ਾਹ ਵਧਾਊ ਪੁਰਸਕਾਰ ਮਹਿਕ ਨੂੰ ਮਿਲਿਆ, ਮਹਿੰਦੀ ਮੁਕਾਬਲਾ ਮਨੀ ਨੇ ਜਿੱਤਿਆ ਅਤੇ ਉਤਸ਼ਾਹ ਵਧਾਊ ਪੁਰਸਕਾਰ ਸ਼ੀਤਲ ਨੂੰ ਮਿਲਿਆ। ਮਿਸ ਤੀਜ ਦਾ ਖ਼ਿਤਾਬ ਜਸਪ੍ਰੀਤ ਕੌਰ ਨੇ ਜਿੱਤਿਆ।
ਕਾਲਜ ਕਮੇਟੀ ਦੇ ਪ੍ਰਧਾਨ ਸ਼੍ਰੀ ਕੋਮਲ ਕੁਮਾਰ ਜੈਨ ਅਤੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਵੱਲੋਂ ਵਿਦਿਆਰਥਣਾਂ ਨੂੰ ਮਾਂ – ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਆ ਗਿਆ । ਉਨ੍ਹਾਂ ਆਖਿਆ ਕਿ ਕਿਸੇ ਵੀ ਕੌਮ ਦੇ ਲਈ ਉਸ ਦਾ ਸੱਭਿਆਚਾਰ ਅਤੇ ਬੋਲੀ ਓਨੇ ਹੀ ਮਹੱਤਵਪੂਰਨ ਹਨ ਜਿੰਨੇ ਕਿ ਇੱਕ ਇਨਸਾਨ ਨੂੰ ਤੰਦਰੁਸਤ ਰਹਿਣ ਦੇ ਲਈ ਖਾਣਾ – ਪੀਣਾ ਅਤੇ ਖੁਸ਼ ਰਹਿਣਾ ਜ਼ਰੂਰੀ ਹੈ। ਕਾਲਜ ਦੇ ਵਿਹੜੇ ਵਿੱਚ ਲੱਗੀਆਂ ਤੀਆਂ ਤੀਜ ਦੀਆਂ ਵਰ੍ਹੇ ਦਿਨਾਂ ਨੂੰ ਫੇਰ ਦਾ ਸੁਨੇਹਾ ਦਿੰਦਿਆਂ ਆਪਣੇ ਅੰਜ਼ਾਮ ਤੱਕ ਪੁੱਜੀਆਂ।