ਲੁਧਿਆਣਾ : ਖ਼ਾਲਸਾ ਕਾਲਜ ਫਾਰ ਵਿਮੈਨ, ਸਿਵਲ ਲਾਈਨਜ਼ ਲੁਧਿਆਣਾ ਵਿਖੇ ਪਰੰਪਰਕ ਪਹਿਰਾਵੇ ਵਿਚ ਸੱਜ ਫੱਬ ਕੇ ਕਾਲਜ ਦੀਆਂ ਵਿਦਿਆਰਥਣਾਂ ਨੇ ‘ ਸਾਉਣ ਘਟਾਵਾਂ ਚੜ੍ਹ ਕੇ ਆਈਆਂ ਪਿੱਪਲੀ ਪੀਂਘਾਂ ਪਾਈਆਂ ਨੀ …..ਖੁੱਲ ਕੇ ਨਚ ਲੋ ਨੀ ਧੀਆਂ ਰੌਣਕਾਂ ਲਾਈਆਂ ‘ ਬੋਲੀ ਤੇ ਬੋਲੀ ਪਾਈ ਤਾਂ ਕਾਲਜ ਦਾ ਵਿਹੜਾ ਪੰਜਾਬੀ ਸਭਿਆਚਾਰਕ ਸਮਾਗਮ ਦੀ ਮਹਿਕ ਨਾਲ ਭਰ ਗਿਆ।
ਸਾਉਣ ਦੇ ਮਹੀਨੇ ਵਿਚ ਤੀਆਂ ਦੇ ਤਿਉਹਾਰ ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਬੋਲੀਆਂ ਪਾ ਕੇ ਕਾਲਜ ਦੇ ਵਿਹੜੇ ਵਿਚ ਰੌਣਕ ਲਾਈ। ਪੰਜਾਬ ਦੀ ਵਿਰਾਸਤੀ ਕਲਾ, ਸਭਿਆਚਾਰ, ਰੀਤੀ ਰਿਵਾਜਾਂ ਦੀ ਖੁਸ਼ਬੂ ਨੂੰ ਬਿਖੇਰਦੇ ਕਾਲਜ ਕੈਂਪਸ ਵਿੱਚ ਲਗਾਏ ਮੇਲੇ ਵਿਚ ਸਮੂਹ ਕਾਲਜ ਆਪਣੇ ਵਿਰਸੇ ਦੀਆਂ ਮਿੱਠੀਆਂ ਯਾਦਾਂ ਦੇ ਖਿਆਲਾਂ ਵਿੱਚ ਝੂਮਦਾ ਨਜ਼ਰ ਆਇਆ।
ਰੌਣਕ ਧੀਆਂ ਦੀ ਮੇਲੇ ਵਿਚ ਕਾਲਜ ਮੈਨੇਜਮੈਂਟ ਕਮੇਟੀ ਦੀਆਂ ਉੱਘੀਆਂ ਸ਼ਖਸੀਅਤਾਂ ਮਿਸਿਜ਼ ਮਨਮੀਤ ਕੌਰ, ਮਿਸਿਜ਼ ਅਜੀਤ ਕੌਰ ਕੰਗ ਅਤੇ ਮਿਸਿਜ਼ ਰਵਿੰਦਰ ਕੌਰ ਆਦਿ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਗਿੱਧਾ ਟੀਮ ਨੇ ਮੁਖ ਮਹਿਮਾਨਾਂ ਦਾ ਸਵਾਗਤ ਬੋਲੀਆਂ ਪਾ ਕੇ ਕੀਤਾ।
ਕਾਲਜ ਪ੍ਰਿੰਸੀਪਲ ਡਾ. ਮੁਕਤੀ ਗਿੱਲ , ਮੁੱਖ ਮਹਿਮਾਨ ਅਤੇ ਸਮੂਹ ਸਟਾਫ ਤੇ ਵਿਦਿਆਰਥਣਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ। ਕਾਲਜ ਦੇ ਵਿਰਾਸਤ ਘਰ ਵਿੱਚ ਪ੍ਰਦਰਸ਼ਨੀ ਲਗਾਈ ਗਈ।
ਕਾਲਜ ਦੀਆਂ ਵਿਦਿਆਰਥਣਾਂ ਨੇ ਖਿੜਖਿੜਾਉਦੇ ਚਿਹਰਿਆਂ ਨਾਲ ਮੁਖ ਮਹਿਮਾਨਾਂ ਨਾਲ ਪੰਜਾਬੀ ਬੋਲੀਆਂ, ਪੀਂਘਾਂ ਝੂਟਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਚਰਖਾ, ਕਸੀਦਾ ਕੱਢਦੀਆਂ ਮੁਟਿਆਰਾਂ ਆਦਿ ਨਾਲ ਮਾਹੌਲ ਨੂੰ ਦਿਲਕਸ਼ ਬਣਾ ਦਿੱਤਾ।
ਕਾਲਜ ਵਿਦਿਆਰਥਣਾਂ ਨੇ ਲੰਮੀ ਹੇਕ ਵਾਲੇ ਗੀਤ ਗਾ ਕੇ ਅਤੇ ਪੰਜਾਬੀ ਵਿਰਾਸਤੀ ਖੇਡਾਂ ਖੇਡ ਕੇ ਕਾਲਜ ਵਿੱਚ ਪੁਰਾਤਨ ਵਿਰਸੇ ਨੂੰ ਬਰਕਰਾਰ ਰੱਖਿਆ। ਮੇਲੇ ਵਿੱਚ ਵੱਖ ਵੱਖ ਪਕਵਾਨਾਂ ਦੇ ਸੁੰਦਰ ਸਟਾਲ ਵੀ ਲਗਾਏ ਗਏ। ਗਿੱਧਾ ਟੀਮ ਨੇ ਪਿੜ ਵਿਚ ਗਿੱਧਾ ਅਤੇ ਭੰਗੜਾ ਪਾਇਆ।
ਇਸ ਸਮਾਗਮ ਦੇ ਇੰਚਾਰਜ ਡਾ. ਨਰਿੰਦਰਜੀਤ ਕੌਰ ਨੇ ਮੁਖ ਮਹਿਮਾਨਾਂ ਅਤੇ ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ ਤੇ ਵਿਦਿਆਰਥਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸਭਿਆਚਾਰਕ ਪਿਛੋਕੜ ਬਾਰੇ ਜਾਣੂੰ ਕਰਵਾਉਣ ਲਈ ਕਾਲਜ ਵਲੋਂ ਇਸ ਤਰ੍ਹਾਂ ਦੇ ਸਮਾਗਮ ਉਲੀਕੇ ਜਾਂਦੇ ਹਨ।
ਇਸ ਸਮਾਗਮ ਦਾ ਮੁੱਖ ਉਦੇਸ਼ ਆਪਣੇ ਵਡਮੁੱਲੇ ਵਿਰਸੇ ਬਾਰੇ ਜਾਗਰੂਕ ਕਰਨਾ ਹੈ। ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ.ਮੁਕਤੀ ਗਿੱਲ ਨੇ ਆਏ ਮਹਿਮਾਨਾਂ, ਸਮੂਹ ਸਟਾਫ ਤੇ ਵਿਦਿਆਰਥਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਜਿਹੇ ਸਮਾਗਮ ਕਰਵਾਉਣ ਦੀ ਹੱਲਾਸ਼ੇਰੀ ਦਿੱਤੀ।