ਮੁੱਲਾਂਪੁਰ-ਦਾਖਾ (ਲੁਧਿਆਣਾ ) : ਪੰਜਾਬ ਵਿਧਾਨ ਸਭਾ ਚੋਣ ਲਈ ਕਾਂਗਰਸ ਪਾਰਟੀ ਦੇ ਹਲਕਾ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸੰਧੂ ਵੋਟ ਲਈ ਜਿੱਥੇ ਘਰ-ਘਰ ਪਹੁੰਚ ਰਿਹਾ, ਉੱਥੇ ਕੈਪਟਨ ਸੰਧੂ ਦੇ ਸਮਰਥਕ ਚੋਣ ਪ੍ਰਚਾਰ ਦਾ ਹਰ ਹੀਲਾ ਅਪਣਾ ਰਹੇ ਹਨ।
ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਵਾਰਡ ਨੰਬਰ-3 ਕੌਂਸਲਰ ਰੇਖਾ ਰਾਣੀ ਵਲੋਂ ਮੁੱਲਾਂਪੁਰ ਮਹਿਲਾ ਕਾਂਗਰਸ ਦੀ ਪ੍ਰਧਾਨ ਸਰਬਜੀਤ ਕੌਰ ਨਾਹਰ ਸਾਬਕਾ ਕੌਂਸਲਰ ਰਾਣੀ ਮੰਡੀ ਮੁੱਲਾਂਪੁਰ ਹੋਰਨਾਂ ਨੂੰ ਨਾਲ ਲੈ ਕੇ ਅੱਜ ਜਿੱਥੇ ਵੋਟਰਾਂ ਨੂੰ ਘਰ-ਘਰ ਜਾ ਕੇ ਕਾਂਗਰਸ ਲਈ ਵੋਟ ਦੀ ਅਪੀਲ ਕੀਤੀ, ਉੱਥੇ ਕਾਂਗਰਸ ਨਾਲ ਦਿਲੋਂ ਜੁੜੇ ਪਰਿਵਾਰਾਂ ਨੂੰ ਕੌਂਸਲਰ ਰੇਖਾ ਰਾਣੀ, ਪ੍ਰਧਾਨ ਸਰਬਜੀਤ ਕੌਰ ਵਲੋਂ ਆਪਣੇ ਘਰਾਂ ‘ਤੇ ਲਗਾਉਣ ਲਈ ਕਾਂਗਰਸ ਪਾਰਟੀ ਦਾ ਚਿੰਨ੍ਹ ‘ਹੱਥ ਪੰਜਾ’ ਨਿਸ਼ਾਨ ਵਾਲੇ ਝੰਡੇ ਵੰਡੇ ਗਏ।
ਕੌਂਸਲਰ ਰੇਖਾ ਰਾਣੀ ਵਲੋਂ ਇਨਡੋਰ ਮੀਟਿੰਗਾਂ ‘ਚ ਕੈਪਟਨ ਸੰਧੂ ਦੁਆਰਾ ਪਿਛਲੇ 2 ਸਾਲ ਸ਼ਹਿਰ ਦੇ 13 ਵਾਰਡਾਂ ਅੰਦਰ ਵਿਕਾਸ ਦੀ ਕਾਇਆ ਕਲਪ ਦੇ ਨਾਲ ਲੋਕਾਂ ਦੀ ਦਹਾਕਿਆਂ ਪੁਰਾਣੀ ਬੱਸ ਸਟੈਂਡ ਦੀ ਮੰਗ ਨੂੰ ਪੂਰਾ ਕਰਨ ਦੇ ਨਾਲ ਸ਼ਹਿਰ ‘ਚ ਸੀਨੀਅਰ ਸਿਟੀਜ਼ਨ ਹੋਮ, ਸੀਵਰੇਜ ਪ੍ਰਾਜੈਕਟ, ਫਾਇਰ ਸਟੇਸ਼ਨ, ਹੋਰ ਬਹੁ ਕਰੋੜੀ ਕੰਮਾਂ ਬਾਰੇ ਵਿਸਥਾਰ ‘ਚ ਦੱਸਦਿਆਂ ਹੱਥ ਪੰਜਾ ਚੋਣ ਨਿਸ਼ਾਨ ਲਈ ਵੋਟ ਮੰਗੀ ਜਾ ਰਹੀ ਹੈ।
ਜ਼ਿਮਨੀ ਚੋਣ ਸਮੇਂ ਸ਼ਹਿਰ ‘ਚ ਕਾਂਗਰਸ ਦੀ ਘਟੀ ਵੋਟ ਨੂੰ ਪੂਰਾ ਕਰਨ ਦਾ ਤਹੱਈਆ ਹੁਣ ਕਾਂਗਰਸ ਨਾਲ ਜੁੜੀਆਂ ਮਹਿਲਾਵਾਂ ਵਲੋਂ ਚੁੱਕਿਆ ਗਿਆ, ਸ਼ਹਿਰ ਦੇ ਵਾਰਡ ‘ਚ ਨਿਰਮਲਾ ਬਾਂਸਲ, ਰੁਪਾਲੀ ਜੈਨ, ਸਕੁੰਤਲਾ ਦੇਵੀ, ਸੁਦੇਸ਼ ਰਾਣੀ ਗੋਇਲ, ਤਰਸੇਮ ਕੌਰ ਮਾਨ, ਲੱਛਮੀ ਦੇਵੀ, ਸਰਬਜੋਤ ਕੌਰ ਬਰਾੜ ਵੱਖੋ-ਵੱਖ ਗਰੁੱਪਾਂ ‘ਚ ਕਾਂਗਰਸ ਪਾਰਟੀ ਤੇ ਕੈਪਟਨ ਸੰਦੀਪ ਸੰਧੂ ਲਈ ਵੋਟ ਮੰਗ ਰਹੀਆਂ ਹਨ।