ਲੁਧਿਆਣਾ : ਮਨੀਪੁਰ ਹਿੰਸਾ ਖਿਲਾਫ ਪੰਜਾਬ ਬੰਦ ਦੇ ਸੱਦੇ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲ ਰਿਹਾ ਹੈ। ਵਾਲਮੀਕਿ, ਰਵਿਦਾਸੀਆ ਤੇ ਈਸਾਈ ਭਾਈਚਾਰੇ ਵੱਲੋਂ ਸਾਂਝੇ ਤੌਰ ‘ਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਮਿਲੀ ਸੂਚਨਾ ਅਨੁਸਾਰ ਦੁਆਬਾ ਵਿੱਚ ਬੰਦ ਦਾ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਪਰ ਮਾਝਾ ਤੇ ਮਾਲਵਾ ਵਿੱਚ ਬਾਜ਼ਾਰ ਆਮ ਵਾਂਗ ਹੀ ਖੁੱਲ੍ਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕਈ ਇਲਾਕਿਾਂ ਵਿੱਚ ਸਰਕਾਰੀ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ।
ਪੰਜਾਬ ਸਰਕਾਰ ਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ। ਦੱਸ ਦਈਏ ਕਿ ਬੰਦ ਸਮਰਥਕਾਂ ਨੇ ਐਲਾਨ ਕੀਤਾ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਹਾਈਵੇਅ ਜਾਮ ਕੀਤੇ ਜਾ ਰਹੇ ਹਨ। ਕਈ ਸ਼ਹਿਰਾਂ ਵਿੱਚ ਬਾਜ਼ਾਰ ਵੀ ਬੰਦ ਰਨ। ਸਿਰਫ਼ ਮੈਡੀਕਲ ਸਹੂਲਤਾਂ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਬੰਦ ਨੂੰ ਲੈ ਕੇ ਜਲੰਧਰ ਤੇ ਲੁਧਿਆਣਾ ‘ਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਉਧਰ, ਨਾਜ਼ੁਕ ਇਲਾਕਿਆਂ ਵਿੱਚ ਰੋਡਵੇਜ਼ ਦੀਆਂ ਬੱਸਾਂ ਨੂੰ ਵੀ ਨੇੜਲੇ ਬੱਸ ਸਟੈਂਡ ‘ਤੇ ਰੋਕ ਦਿੱਤਾ ਗਿਆ ਹੈ। ਪ੍ਰਾਈਵੇਟ ਅਪਰੇਟਰ ਵੀ ਕਿਸੇ ਨੁਕਸਾਨ ਤੋਂ ਬਚਣ ਲਈ ਬੱਸਾਂ ਨਹੀਂ ਚਲਾ ਰਹੇ। ਦੱਸ ਦਈਏ ਕਿ ਇਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਸਾਂਝੇ ਤੌਰ ’ਤੇ ਸ਼ਾਂਤਮਈ ਢੰਗ ਨਾਲ ਹਿੰਸਾ ਦਾ ਵਿਰੋਧ ਕਰ ਰਹੇ ਹਨ। ਇਸਾਈ ਭਾਈਚਾਰੇ ਦੇ ਲੋਕ ਹੱਥਾਂ ਵਿੱਚ ਪਵਿੱਤਰ ਗ੍ਰੰਥ ਬਾਈਬਲ ਲੈ ਕੇ ਸੜਕਾਂ ‘ਤੇ ਆਪਣੇ ਗੁੱਸੇ ਦਾ ਪ੍ਰਦਰਸ਼ਨ ਕਰ ਰਹੇ ਹਨ।