ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ, ਲੁਧਿਆਣਾ ਦੇ ਐਨਸੀਸੀ ਕੈਡਿਟਾਂ ਵੱਲੋਂ ਵਿਜੇ ਦਿਵਸ ਦੇ ਸੰਬੰਧ ਵਿੱਚ ਸ਼ੁਰੂ ਹੋਏ ਪ੍ਰੋਗਰਾਮਾਂ ਅਧੀਨ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ। ਏ ਐਨ ਓ ਫਸਟ ਅਫ਼ਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਅੱਜ ਐਨ ਸੀ ਸੀ ਗਰੁਪ ਕਮਾਂਡਰ ਜਸਜੀਤ ਘੁਮਾਣ ਦੇ ਮਾਰਗ ਦਰਸ਼ਨ ਅਤੇ ਨੰਬਰ 4 ਪੰਜਾਬ ਏਅਰ ਸੁਕਾਡਨ ਐਨਸੀਸੀ ਦੇ ਕਮਾਂਡਿੰਗ ਅਫ਼ਸਰ ਬੀ ਐਸ ਗਿੱਲ ਦੇ ਸਹਿਯੋਗ ਨਾਲ ਵਿਜੇ ਦਿਵਸ ਦੇ ਪ੍ਰੋਗਰਾਮਾਂ ਅਤੇ ਸਕੂਲ ਦੇ ਐਨਸੀਸੀ ਕੈਡਿਟਾਂ ਵੱਲੋਂ ਨਸ਼ਿਆਂ ਵਿਰੁੱਧ ਰੈਲੀ ਕੱਢੀ।
ਵਿਜੇ ਦਿਵਸ ਨੂੰ ਭਾਰਤ ਦੀ ਪਾਕਿਸਤਾਨ ਉਪਰ ਸਾਲ 1971 ਦੀ ਜੰਗ ਵਿਚ ਜਿੱਤ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਭਾਰਤ-ਪਾਕਿ ਜੰਗ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਕਰਵਾਉਣ ਲਈ ਲੜੀ ਗਈ ਸੀ। 16 ਦਸੰਬਰ ਨੂੰ ਭਾਰਤੀ ਫੌਜ ਵੱਲੋਂ 93 ਹਜ਼ਾਰ ਪਾਕਿਸਤਾਨੀ ਸੈਨਾ ਦੇ ਜਵਾਨਾਂ ਨੂੰ ਕੈਦ ਕਰਕੇ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ ਸੀ। ਇਸ ਦੀ ਬਦੌਲਤ ਦੁਨੀਆਂ ਦੇ ਨਕਸ਼ੇ ਵਿਚ ‘ਬੰਗਲਾਦੇਸ਼ ‘ ਦਾ ਜਨਮ ਹੋਇਆ। ਵਿਜੇ ਦਿਵਸ ਦੇ ਪ੍ਰੋਗਰਾਮ 16 ਦਸੰਬਰ ਤੱਕ ਮਨਾਏ ਜਾਣੇ ਹਨ।
ਪ੍ਰਿੰਸੀਪਲ ਕਰਨਜੀਤ ਸਿੰਘ ਨੇ ਕੈਡਿਟਾਂ ਨੂੰ ਅੱਜ ਦੀ ਮੁੱਖ ਸਮੱਸਿਆ ” ਨਸ਼ੇ” ਬਾਰੇ ਸੁਚੇਤ ਕੀਤਾ। ਉਨ੍ਹਾਂ ਕੈਡਿਟਾਂ ਨੂੰ ਇਸ ਲਾਹਨਤ ਤੋਂ ਦੂਰ ਰਹਿਣ ਅਤੇ ਆਪਣੇ ਆਸ-ਪਾਸ ਵਿਚ ਨਸ਼ੇ ਦੇ ਸੇਵਨ ਨੂੰ ਰੋਕਣ ਲਈ ਪ੍ਰੇਰਿਤ ਕੀਤਾ। ਇਹ ਰੈਲੀ ਸਕੂਲ ਤੋਂ ਇਸ਼ਮੀਤ ਚੌਂਕ ਤੱਕ ਕੱਢੀ ਗਈ। ਐਨਸੀਸੀ ਕੈਡਿਟਾਂ ਨੇ ਆਪਣੇ ਹੱਥਾਂ ਵਿਚ ਨਸ਼ੇ ਦੇ ਵਿਰੁੱਧ ਪੋਸਟਰ ਫੜੇ ਹੋਏ ਸਨ। ਉਨ੍ਹਾਂ ਵੱਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਲਈ ਜ਼ੋਰ ਸ਼ੋਰ ਨਾਲ ਨਸ਼ਿਆਂ ਵਿਰੁੱਧ ਨਾਅਰੇਬਾਜੀ ਵੀ ਕੀਤੀ ਗਈ।