ਲੁਧਿਆਣਾ : ਡਾ: ਕੋਟਨਿਸ ਐਕਯੂਪੰਕਚਰ ਹਸਪਤਾਲ ਸਲੇਮ ਟਾਬਰੀ, ਲੁਧਿਆਣਾ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਜਾਗਰੂਕਤਾ ਪ੍ਰੋਜੈਕਟ ਤਹਿਤ ਗੁਰਦੁਆਰਾ ਦੁਖਨਿਵਾਰਨ ਸਾਹਿਬ, ਆਜ਼ਾਦ ਨਗਰ ਵਿਖੇ ਮੁਫ਼ਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਨ੍ਹਾਂ ਤੋਂ ਬਚਣ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਇਸ ਜਾਗਰੂਕਤਾ ਕੈਂਪ ਵਿੱਚ ਕੋਆਰਡੀਨੇਟਰ ਰਘੁਵੀਰ ਸਿੰਘ, ਗਗਨਦੀਪ ਕੁਮਾਰ (ਟਰੇਨਰ) ਅਤੇ ਮਨੀਸ਼ਾ (ਟਰੇਨਰ) ਨੇ ਵੱਖ-ਵੱਖ ਕਿਸਮਾਂ ਦੇ ਨਸ਼ਿਆਂ, ਉਨ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਨੂੰ ਮੁੜ ਮੁੱਖ ਧਾਰਾ ਨਾਲ ਜੋੜਿਆ। ਕੈਂਪ ਵਿੱਚ ਪ੍ਰੋਜੈਕਟ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੇ ਲੋਕਾਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਨਸ਼ਾ ਛੁਡਾਊ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ।
ਇਸ ਕੈਂਪ ਦਾ ਆਯੋਜਨ ਆਜ਼ਾਦ ਨਗਰ ਮੁਹੱਲਾ ਪ੍ਰਧਾਨ ਸ. ਸੁਰਿੰਦਰ ਸਿੰਘ ਛਿੰਦਾ ਜੀ ਦੇ ਸਹਿਯੋਗ ਨਾਲ ਕੀਤਾ ਗਿਆ। ਕੈਂਪ ਵਿੱਚ ਡਾ: ਇੰਦਰਜੀਤ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸਾਡੀ ਸੰਸਥਾ ਦੇ ਜਨਰਲ ਸਕੱਤਰ ਸਰਦਾਰ ਇਕਬਾਲ ਸਿੰਘ ਗਿੱਲ (ਆਈ.ਪੀ.ਐਸ.) ਦੇ ਯਤਨਾਂ ਸਦਕਾ ਸਰਕਾਰ ਐਨ.ਡੀ.ਪੀ.ਐਸ ਐਕਟ ਵਿੱਚ ਸੋਧ ਕਰਕੇ ਨਸ਼ਾ ਮੁਕਤੀ ਲਈ ਨਵਾਂ ਕੇਂਦਰ ਖੋਲ੍ਹਣ ਲਈ ਯਤਨਸ਼ੀਲ ਹੈ।