ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਬਹੁਤ ਉਤਸ਼ਾਹ ਨਾਲ ਖੇਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ‘ਤੇ ਸ.ਮਲਕੀਤ ਸਿੰਘ ਮੈਨੇਜ਼ਿੰਗ ਡਾਇਰੈਕਟਰ, ਬਰਨਾਲਾ ਆਟੋ ਇੰਡਸਟਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ , ਪਰਮਜੀਤ ਕੌਰ ਸਿੱਧੂ ਯੂ .ਐਸ .ਏ ਤੋਂ ਕਾਲਜ ਦੀ ਪਹਿਲੀ ਸਾਫ਼ਟਬਾਲ ਟੀਮ ਦੀ ਸਾਬਕਾ ਖਿਡਾਰਣ, ਗੈਸਟ ਆਫ਼ ਆਨਰ ਵਜੋਂ ਕਾਲਜ ਵਿਹੜੇ ਪਹੁੰਚੇ ।
ਰਾਮਗੜ੍ਹੀਆ ਐਜੂਕੇਸ਼ਨਲ ਕੋਂਸਲ ਦੇ ਪ੍ਰਧਾਨ ਸ: ਰਣਜੋਧ ਸਿੰਘ, ਕਾਲਜ ਦੇ ਕਾਰਜਕਾਰੀ ਪ੍ਰਿੰ: ਡਾ. ਰਜੇਸ਼ਵਰਪਾਲ ਕੌਰ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕ ਪ੍ਰੋ: ਰਾਣੀ ਕੌਰ ਨੇ ਮੁੱਖ ਮਹਿਮਾਨਾਂ ਦਾ ਹਾਰਦਿਕ ਸਵਾਗਤ ਕੀਤਾ |ਇਸ ਮੌਕੇ ਕਾਲਜ ਦੇ ਸਾਬਕਾ ਪ੍ਰਿੰ. ਸਵਰਗੀ ਹਰਮੀਤ ਕੌਰ ਜੀ ਦੀ ਯਾਦ ਵਿੱਚ ਪ੍ਰਿੰਸੀਪਲ ਹਰਮੀਤ ਕੌਰ ਹੋਮ ਸਾਇੰਸ ਬਲਾਕ ਦਾ ਉਦਘਾਟਨ ਕੀਤਾ ਗਿਆ।
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਕਾਲਜ ਦੇ ਸੇਵਾ ਮੁਕਤ ਅਧਿਆਪਕ ਡਾ: ਨਰਿੰਦਰ ਕੌਰ ਸੰਧੂ,ਪ੍ਰੋ: ਮਨਜੀਤ ਕੌਰ ਸੇਠੀ,ਪ੍ਰੋ: ਮਨਮੋਹਨ ਕੌਰ ਸੱਗੂ,ਪ੍ਰੋ: ਜਤਿੰਦਰ ਕੌਰ ਵਾਲੀਆ ਵੀ ਕਾਲਜ ਪਹੁੰਚੇ ਜਿਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਉਹਨਾਂ ਨੂੰ ਸਨਮਾਨਿਤ ਕੀਤਾ। ਜਿਨ੍ਹਾਂ ਨੇ ਬਹੁਤ ਸਾਲਾਂ ਤੱਕ ਕਾਲਜ ਦੀ ਸੇਵਾ ਕੀਤੀ ਅਤੇ ਵਿਦਿਆਰਥਣਾਂ ਨੂੰ ਸਿੱਖਿਆ ਦੇ ਕੇ ਸਫਲ ਅਤੇ ਚੰਗੇ ਸਮਾਜ ਦੀ ਨੀਂਹ ਰੱਖੀ। ਖੇਡ ਮੇਲੇ ਦਾ ਅਰੰਭ ਕਰਦੇ ਹੋਏ ਸ: ਮਲਕੀਤ ਸਿੰਘ ਨੇ ਝੰਡਾ ਲਹਿਰਾ ਕੇ ਮਾਰਚ ਪਾਸਟ ਤੋਂ ਸਲਾਮੀ ਲਈ ਤੇ ਨਾਲ ਹੀ ਸਹੁੰ ਚੱਕਣ ਦੀ ਰਸਮ ਅਦਾ ਕੀਤੀ|
ਤਕਰੀਬਨ 500 ਵਿਦਿਆਰਥਣਾਂ ਨੇ ਇਸ ਖੇਡ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਹਰ ਟੀਮ ਵਿੱਚ ਸਪੋਰਟਸ ਤੇ ਨਾਨ ਸਪੋਰਟਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ.ਇਸ ਵਿੱਚ 100,200,400ਤੇ 800 ਮੀਟਰ ਰੇਸ,ਰਿਲੇਅ ਰੇਸ, ਲੌਂਗ ਜੰਪ,ਹਾਈ ਜੰਪ ,ਡਿਸਕਸ ਥ੍ਰੋ , ਜੈਵਲਿਨ ਥ੍ਰੋ ,ਸ਼ਾਟ ਪੁੱਟ ਆਦਿ ਤੇ ਦੂਸਰੇ ਪਾਸੇ ਨਾਨ ਸਪੋਰਟਸ ਵਰਗ ਵਿੱਚ ਚਮਚ ਆਲੂ ਰੇਸ, ਥ੍ਰੀ ਲੈੱਗ ਰੇਸ, ਚਾਟੀ ਰੇਸ, ਬੋਰੀ ਰੇਸ, ਰੱਸਾ ਟੱਪਣਾ, ਆਦਿ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ।
ਵੀਰਪਾਲ ਕੌਰ ਨੂੰ ਸਪੋਰਟਸ ਵਰਗ ਵਿੱਚ ਬੈਸਟ ਖਿਡਾਰਣ ਤੇ ਪ੍ਰਿਅੰਕਾ ਨੂੰ ਨਾਨ ਸਪੋਰਟਸ ਵਰਗ ਵਿੱਚ ਬੈਸਟ ਖਿਡਾਰਣ ਐਲਾਨਿਆ ਗਿਆ। ਮੁੱਖ ਮਹਿਮਾਨ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਵਿਦਿਆਰਥਣਾਂ ਦਾ ਹੌਂਸਲਾ ਵਧਾਉਂਦਿਆ ਕਿਹਾ ਕਿ, ‘’ਖੇਡਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਤੇ ਨੌਂਜਵਾਨਾਂ ਲਈ ਤਾਂ ਇਹ ਹੋਰ ਵੀ ਜ਼ਰੂਰੀ ਹੈ ਤਾਂ ਜੋ ਉਹ ਸਿੱਖਿਆ ਦੇ ਨਾਲ ਖੇਡਾਂ ਨੂੰ ਵੀ ਅਪਣਾਉਣ ਜਿਸ ਨਾਲ ਉਨ੍ਹਾਂ ਦਾ ਸੰਪੂਰਨ ਵਿਕਾਸ ਹੋ ਸਕੇ।
ਕਾਲਜ ਪ੍ਰਿੰ ਡਾ. ਰਾਜੇਸ਼ਵਰਪਾਲ ਕੌਰ ਨੇ ਵਿਭਾਗ ਦੇ ਮੁਖੀ ਪ੍ਰੋ: ਰਾਣੀ ਕੌਰ ਦੀ ਇਸ ਖੇਡ ਮੇਲੇ ਦੇ ਆਯੋਜਨ ਦੀ ਸਫ਼ਲਤਾ ਲਈ ਪ੍ਰਸੰਸਾ ਕਰਦਿਆਂ ਹੋਇਆਂ ਕਿਹਾ ਕਿ, ‘’ ਸਾਡੀਆਂ ਖਿਡਾਰਣਾਂ ਨੇ ਖੇਡਾਂ ਦੇ ਹਰ ਖੇਤਰ ਵਿੱਚ ਬਹੁਤ ਵਾਰ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ ਸਾਨੂੰ ਆਪਣੀਆਂ ਧੀਆਂ ਤੇ ਮਾਣ ਹੈ।
ਰਣਜੋਧ ਸਿੰਘ ਨੇ ਕਿਹਾ ਕਿ,’’ ਸਾਨੂੰ ਅੱਜ ਵੀ ਪ੍ਰਿੰਸੀਪਲ ਹਰਮੀਤ ਕੌਰ ਜੀ ਨੂੰ ਆਪਣੇ ਆਲੇ ਦੁਆਲੇ ਮਹਿਸੂਸ ਕਰਦੇ ਹਾਂ ਉਨ੍ਹਾਂ ਦੀਆਂ ਗੱਲਾਂ ਅੱਜ ਵੀ ਯਾਦ ਹਨ। ਉਹਨਾਂ ਦੇ ਅੰਦਰ ਉਤਸ਼ਾਹ ਤੇ ਲਗਨ ਦੀ ਭਾਵਨਾ ਸੀ ਜੋ ਸਾਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਸੀ, ਉਹ ਜਿੱਥੇ ਵੀ ਹਨ ਸਾਨੂੰ ਹਮੇਸ਼ਾ ਅਸ਼ੀਰਵਾਦ ਦਿੰਦੇ ਹਨ। ਖੇਡਾਂ ਮਨੁੱਖ ਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ ਖੇਡਾਂ ਦੁਆਰਾ ਅਸੀਂ ਇਕ ਤੰਦਰੁਸਤ ਸਰੀਰ ਨੂੰ ਪਾ ਸਕਦੇ ਹਾਂ ਅਤੇ ਉਸ ਦੇ ਨਾਲ ਖੇਡਾਂ ਦੇ ਦੁਆਰਾ ਆਪਣੇ ਅੰਦਰ ਆਤਮ-ਵਿਸ਼ਵਾਸ ,ਏਕਤਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਵੀ ਵਧਾ ਸਕਦੇ ਹਾਂ ।
ਪਰਮਜੀਤ ਕੌਰ ਨੇ ਖਿਡਾਰਣਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਤੁਹਾਨੂੰ ਆਪਣੀ ਮਿਹਨਤ ਤਨ ਮਨ ਦੀ ਸ਼ਕਤੀ ਨਾਲ ਕਰਨੀ ਚਾਹੀਦੀ ਹੈ ਸਿੱਟੇ ਵਜੋਂ ਅਨੇਕਾਂ ਹੀ ਪੁਰਸਕਾਰ ਜਿੱਤ ਕੇ ਕਾਲਜ ਦਾ ਨਾਮ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਤਕ ਚਮਕਾਇਆ ਜਾ ਸਕਦਾ ਹੈ । ਰਾਮਗੜ੍ਹੀਆ ਐਜੂਕੇਸ਼ਨਲ ਕੌਸਲ ਦੇ ਜਨਰਲ ਸਕੱਤਰ ਸ .ਗੁਰਚਰਨ ਸਿੰਘ ਲੋਟੇ ਨੇ ਸ਼ੁਭ ਕਾਮਨਾਵਾਂ ਭੇਜੀਆਂ।