ਲੁਧਿਆਣਾ : ਭਾਰਤ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਅਦਾਰੇ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈੱਡਰੇਸ਼ਨ ਆਫ਼ ਇੰਡੀਆ (ਨੈਫੇਡ) ਵਲੋਂ ਪੰਜਾਬ ਅੰਦਰ ਆਉਣ ਵਾਲੇ ਸਮੇਂ ਵਿਚ 80 ‘ਨੈਫੇਡ ਬਜ਼ਾਰ’ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬ ਦਾ ਦੂਸਰਾ ‘ਨੈਫੇਡ ਬਾਜ਼ਾਰ’ ਖੋਲਿ੍ਹਆ ਗਿਆ ਹੈ।
(ਨੈਫੇਡ ਦੇ ਪ੍ਰਬੰਧਕ ਨਿਰਦੇਸ਼ਕ ਸੰਜੀਵ ਕੁਮਾਰ ਚੱਢਾ ਨੇ ਕਿਹਾ ਕਿ ਸਦਾ ਮਕਸਦ ਕਿਸਾਨਾਂ, ਛੋਟੇ ਸਮੇਂ ਦੇ ਪੈਨ ਇੰਡੀਆ ਬ੍ਰਾਂਡਾਂ ਦੇ ਨਿਰਮਾਤਾਵਾਂ ਅਤੇ ਰਾਜ ਦੇ ਖਪਤਕਾਰਾਂ ਵਿਚਕਾਰ ਇਕ ਪੁਲ ਬਣਨਾ ਹੈ। ਉਨ੍ਹਾਂ ਕਿਹਾ ਕਿ ਨੈਫੇਡ ਬਾਜ਼ਾਰ ਖਪਤਕਾਰਾਂ ਨੂੰ ਵਧੀਆ ਕੀਮਤਾਂ ‘ਤੇ ਗੁਣਵੱਤਾ ਵਾਲੇ ਨੈਫੇਡ ਅਤੇ ਹੋਰ ਖੇਤੀ ਅਧਾਰਤ ਉਤਪਾਦ ਪ੍ਰਦਾਨ ਕਰੇਗਾ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਸਲ ਸਹਾਇਤਾ ਪ੍ਰਦਾਨ ਕਰਦੇ ਹੋਏ ਸੀਡਸਟਾਰਟ ਰਿਟੇਲ ਨੇ ਕਿਸਾਨਾਂ ਨੂੰ ਉਦਘਾਟਨ ਲਈ ਆਉਣ ਅਤੇ ਨੈਫੇਡ ਬਜ਼ਾਰ ਪੰਜਾਬ ਨਾਲ ਆਪਣੇ ਉਤਪਾਦਾਂ ਦੀ ਸੂਚੀ ਦੇਣ ਲਈ ਵੀ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਕਪੂਰਥਲਾ ਤੇ ਦੂਸਰਾ ਲੁਧਿਆਣਾ ‘ਚ ਨੈਫੇਡ ਬਾਜ਼ਾਰ ਖੋਲ੍ਹ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ‘ਚ ਜਲੰਧਰ ਅਤੇ ਅੰਮਿ੍ਤਸਰ ਸ਼ਹਿਰਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਨੈਫੇਡ ਬਾਜ਼ਾਰ ਦਾ ਉਦਘਾਟਨ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਨਰਿੰਦਰ ਭਾਰਗਵ ਨੇ ਸਨਅਤਕਾਰ ਗੁਰਬਾਣੀ ਮਹਿਤਾ ਦੀ ਹਾਜ਼ਰੀ ਵਿਚ ਫੀਤਾ ਕੱਟ ਕੇ ਕੀਤਾ। ਸਨਅਤਕਾਰ ਗੁਰਬਾਣੀ ਮਹਿਤਾ ਨੇ ਕਿਹਾ ਕਿ ਨੈਫੇਡ ਬਜ਼ਾਰ ਪੰਜਾਬ ਦੇ ਸੰਚਾਲਨ ਦੀ ਦੇਖ ਭਾਲ ਉਨ੍ਹਾਂ ਵਲੋਂ ਕੀਤੀ ਜਾਵੇਗੀ ਜੋ ਕਿ ਸਟਾਰਟਅੱਪ ਸੀਡਸਟਾਰਟ ਰਿਟੇਲ ਹੈ, ਪੰਜਾਬ ਲਈ ਨੈਫੇਡ ਦਾ ਚੈਨਲ ਪਾਰਟਨਰ ਹੈ।