ਮੋਗਾ : ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ 75ਵੀਂ ਵਰ੍ਹੇਗੰਢ ਮੋਗਾ ਦੀ ਧਰਤੀ ’ਤੇ ਮਨਾਈ ਸੀ, ਉਸੇ ਤਰ੍ਹਾਂ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਵੀ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿਖੇ 14 ਦਸੰਬਰ ਨੂੰ 2021 ਨੂੰ ਹੋਵੇਗਾ, ਜਿਸ ਸਬੰਧੀ ਦੇਸ਼ਾਂ-ਵਿਦੇਸਾਂ ਵਿਚ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੀਆਂ ਹਨ।
ਧਰਮਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਤੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਸਾਢੇ 4 ਸਾਲ ਸੂਬੇ ਦਾ ਕੁੱਝ ਵੀ ਨਹੀਂ ਸੰਵਾਰਿਆ ਅਤੇ ਹੁਣ ਕਾਂਗਰਸ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੂਪ ਵਿਚ ਲੋਕਾਂ ਨੂੰ ਮੁੜ ਗੁੰਮਰਾਹ ਕਰਨ ਲੱਗੀ ਹੈ, ਪਰ ਪੰਜਾਬ ਵਾਸੀ ਕਦੇ ਵੀ ਕਾਂਗਰਸ ਦੇ ਝੂਠੇ ਲਾਅਰਿਆਂ ਵਿਚ ਨਹੀਂ ਆਉਣਗੇ।
ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ 14 ਦਸੰਬਰ ਦੀ ਵਰ੍ਹੇਗੰਢ ਸਮਾਗਮ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਪਾਰਟੀ ਦੇ ਡੈਲੀਗੇਟ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਲਾਅਰਿਆਂ ਵਾਲੀ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਦਾ ਵੱਡਾ ਉਤਸ਼ਾਹ ਹੈ ਅਤੇ 2022 ਵਿਚ ਪੰਜਾਬੀ ਮੁੜ ਅਕਾਲੀ ਦਲ ਦੇ ਹੱਕ ਵਿਚ ਫਤਵਾਂ ਦੇਣਗੇ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੋਗਾ ਤੋਂ ਉਮੀਦਵਾਰ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਵਰ੍ਹੇਗੰਢ ’ਤੇ ਹੋਣ ਵਾਲਾ ਲੱਖਾਂ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਇਕੱਠ ਕਾਂਗਰਸ ਨੂੰ ਚੱਲਦਾ ਕਰਨ ਦਾ ਮੁੱਢ ਬੰਨ੍ਹੇਗਾ।