ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਇੰਡੀਅਨ ਈਕੋਲੋਜੀਕਲ ਸੁਸਾਇਟੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ 22 ਤੋਂ 24 ਫਰਵਰੀ 2023 ਦੌਰਾਨ ਇਕ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਦਾ ਵਿਸ਼ਾ ‘ਮੱਛੀ ਤੇ ਜਲਜੀਵ ਪਾਲਣ ਵਾਤਾਵਰਨਿਕ ਪਰਿਪੇਖ’ ਹੋਵੇਗਾ | ਕਾਨਫਰੰਸ ‘ਚ ਵੱਡੀ ਪੱਧਰ ‘ਤੇ ਮਾਹਿਰਾਂ, ਵਿਗਿਆਨੀਆਂ, ਨੌਜਵਾਨ ਪੇਸ਼ੇਵਰਾਂ, ਵਿਦਿਆਰਥੀਆਂ, ਕਿਸਾਨਾਂ ਦੇ ਪਹੁੰਚਣ ਦੀ ਆਸ ਹੈ |
ਸੁਸਾਇਟੀ ਦੇ ਪ੍ਰਧਾਨ ਪ੍ਰੋ. (ਰਿ.) ਅਸ਼ੋਕ ਧਵਨ ਨੇ ਦੱਸਿਆ ਕਿ ਕਾਨਫਰੰਸ ਦਾ ਉਦੇਸ਼ ਮੱਛੀ ਪਾਲਣ ਖੇਤਰ ‘ਚ ਵਾਤਾਵਰਨ ਸਨੇਹੀ ਖੋਜਾਂ, ਉਨਤ ਤਕਨਾਲੋਜੀਆਂ ਤੇ ਸਿਫਾਰਸ਼ਾਂ ‘ਤੇ ਕੰਮ ਕਰਨਾ ਹੈ ਤਾਂ ਜੋ ਉਤਪਾਦਨ ਟੀਚੇ, ਵਾਤਾਵਰਨ ਸੰਭਾਲ, ਜਲਵਾਯੂ ਪਰਿਵਰਤਨ, ਜਨਤਕ ਸਿਹਤ ਤੇ ਭੋਜਨ ਸੁਰੱਖਿਆ ਦੀ ਬਿਹਤਰੀ ਲਈ ਸੰਭਾਵਨਾਵਾਂ ਤਲਾਸ਼ੀਆਂ ਜਾਣ | ਡੀਨ ਫਿਸ਼ਰੀਜ਼ ਕਾਲਜ ਤੇ ਪ੍ਰਬੰਧਕੀ ਸਕੱਤਰ ਡਾ. ਮੀਰਾ ਡੀ ਆਂਸਲ ਨੇ ਕਿਹਾ ਕਿ ਸੂਬੇ ਵਿਚ ਇਹ ਇਸ ਕਿਸਮ ਦੀ ਪਹਿਲੀ ਕਾਨਫਰੰਸ ਹੋਵੇਗੀ |