ਲੁਧਿਆਣਾ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਦੇਸ਼ ਭਰ ਵਿਚ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਦੋ ਰੋਜ਼ਾ ਹੜਤਾਲ ਨੂੰ ਸਫ਼ਲ ਬਣਾਉਂਦੇ ਹੋਏ ਸ਼ਹਿਰ ‘ਚ ਝੰਡੇ ਅਤੇ ਬੈਨਰ ਲੈ ਕੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੀ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ, ਨਿੱਜੀਕਰਨ ਦੇ ਖ਼ਿਲਾਫ਼, ਜਨਤਕ ਅਦਾਰਿਆਂ ਨੂੰ ਬਚਾਉਣ ਲਈ, ਪੂੰਜੀਪਤੀ ਹਟਾਓ, ਦੇਸ਼ ਨੂੰ ਬਚਾਉਣ ਦੇ ਨਾਅਰੇ ਨੂੰ ਲੈ ਕੇ ‘ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਓ ‘ ਦਾ ਹੋਕਾ ਦਿੰਦੇ ਹੋਏ ਦੂਜੇ ਦਿਨ ਵੀ ਹੜਤਾਲ ਨੂੰ ਸਫ਼ਲ ਬਣਾਉਂਦੇ ਹੋਏ ਸੜਕਾਂ ਉੱਤੇ ਹਨ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਖ਼ਤਮ ਕਰਦੇ ਹੋਏ ਪੂੰਜੀਵਾਦ ਵਿਚ ਬਦਲ ਰਹੀ ਹੈ। ਲਗਾਤਾਰ ਪਬਲਿਕ ਅਦਾਰਿਆਂ ਨੂੰ ਵੇਚਿਆ ਜਾ ਰਿਹਾ ਹੈ। ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਬੇਰੁਜ਼ਗਾਰੀ ਸਿਖਰਾਂ ‘ਤੇ ਹੈ। ਉਨ੍ਹਾਂ ਕਿਹਾ ਕਿ ਕੁਪੋਸ਼ਣ ਅਨੀਮੀਆ ਵਰਗੀਆਂ ਬਿਮਾਰੀਆਂ ਦੇਸ਼ ਵਿਚ ਲਗਾਤਾਰ ਵਧ ਰਹੀਆਂ ਹਨ ਭਾਵੇਂ ਸਰਕਾਰ ਨੇ ਕੁਪੋਸ਼ਣ ਖਤਮ ਕਰਨ ਲਈ ਪੋਸ਼ਣ ਪੱਖਵਾੜੇ ਵਰਗੇ ਦਿਹਾੜੇ ਮਨਾਉਣੇ ਸ਼ੁਰੂ ਕੀਤੇ ਹਨ ਪਰ ਉਨ੍ਹਾਂ ਵਿਚ ਸਿਰਫ਼ ਗੱਲੀਂ ਬਾਤੀਂ ਪ੍ਰਚਾਰ ਹੀ ਹੈ।
ਕੁਪੋਸ਼ਣ ਵਰਗੀ ਭਿਆਨਕ ਬੀਮਾਰੀ ਤੇ ਕੰਮ ਕਰ ਰਹੀਆਂ ਦੇਸ਼ ਦੀਆਂ 50 ਲੱਖ ਦੇ ਕਰੀਬ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਹੈਲਪਰਾਂ ਜਿੱਥੇ ਬਹੁਤ ਹੀ ਨਿਗੂਣੇ ਜਿਹੇ ਮਾਣ ਭੱਤੇ ਵਿਚ ਕੰਮ ਕਰ ਰਹੀਆਂ ਹਨ ਉਥੇ ਉਸੇ ਹੀ ਮਾਣ ਭੱਤੇ ਵਿਚੋਂ ਖ਼ਰਚ ਕਰ ਕੁਪੋਸ਼ਣ ਦੇ ਪ੍ਰਚਾਰ ਲਈ ਪੱਲਿਓਾ ਸਾਮਾਨ ਖ਼ਰੀਦ ਰਹੀਆਂ ਹਨ। ਜਿਸ ਤੋਂ ਸਰਕਾਰ ਦੀ ਨੀਅਤ ਸਾਫ਼ ਝਲਕਦੀ ਹੈ ਕਿ ਸਰਕਾਰ ਨਾਰੀ ਸ਼ਕਤੀਕਰਨ ਦੀਆਂ ਕੁਪੋਸ਼ਣ ਵਰਗੀ ਭਿਆਨਕ ਬਿਮਾਰੀ ਉਤੇ ਕਾਬੂ ਪਾਉਣ ਦੀਆਂ ਸਿਰਫ਼ ਗੱਲਾਂ ਹੀ ਕਰ ਰਹੀ ਹੈ।
ਪਬਲਿਕ ਅਦਾਰਿਆਂ ਦੇ ਖ਼ਾਤਮੇ ਕਾਰਨ ਸਮੂਹ ਵਰਕਰ ਹੈਲਪਰਾਂ ਦੇ ਪਰਿਵਾਰ ਵੀ ਪ੍ਰਭਾਵਿਤ ਹੁੰਦੇ ਹਨ। ਜਿਸ ਕਾਰਨ ਸਮੂਹ ਵਰਕਰ-ਹੈਲਪਰਾਂ ਵਿਚ ਤਿੱਖਾ ਰੋਸ ਹੈ। ਇਸ ਮੌਕੇ ਸੂਬਾਈ ਆਗੂ ਸੁਰਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੀ ਪ੍ਰਾਇਮਰੀ ਆਈਸੀਡੀਐਸ ਦਾ ਅਨਿੱਖੜਵਾਂ ਅੰਗ ਹੈ , ਆਈ ਸੀ ਡੀ ਐਸ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਸਕੀਮ ਨੂੰ ਵਿਭਾਗ ਬਣਾਉਂਦੇ ਹੋਏ ਵਰਕਰ ਹੈਲਪਰ ਨੂੰ ਗ੍ਰੇਡ ਦਿੱਤੇ ਜਾਣ।