ਲੁਧਿਆਣਾ : ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਪਰਲਜ਼ ਗਰੁੱਪ ਦੀਆਂ ਹਾਈਵੇ ਦੇ ਨਾਲ ਲੱਗਦੀਆਂ ਜ਼ਮੀਨਾਂ ’ਤੇ ਸਨਅਤੀ ਖੇਤਰ ਬਣਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ ਜਿਸ ਸਬੰਧੀ ਸਰਕਾਰ ਵੱਲੋਂ ਕਾਨੂੰਨੀ ਪੱਖ ਤੇ ਹੋਰ ਸਾਰੇ ਪੱਖਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਜ਼ਮੀਨਾਂ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਲਿਮਟਿਡ ਵੱਲੋਂ ਪ੍ਰਾਪਤ ਕਰ ਕੇ ਅੱਗੋਂ ਸਨਅਤਕਾਰਾਂ ਨੂੰ ਸਨਅਤੀ ਖੇਤਰ ਬਣਾ ਕੇ ਪਲਾਂਟ ਦੇਣ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ।
ਸਰਕਾਰ ਵੱਲੋਂ ਪਹਿਲੇ ਗੇੜ ਵਿਚ ਲਧਿਆਣਾ-ਚੰਡੀਗੜ੍ਹ ਸੜਕ ਦੇ ਨਾਲ ਲੱਗਦੀ ਪਰਲਜ਼ ਗਰੁੱਪ ਦੀ 225 ਏਕੜ ਜ਼ਮੀਨ ’ਤੇ ਸਨਅਤੀ ਖੇਤਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਸਨਅਤਕਾਰਾਂ ਵੱਲੋਂ ਲੰਬੇ ਸਮੇਂ ਤੋਂ ਕਾਰਖ਼ਾਨਿਆਂ ਦਾ ਵਿਸਥਾਰ ਕਰਨ ਜਾਂ ਨਵੇਂ ਕਾਰਖ਼ਾਨੇ ਲਗਾਉਣ ਲਈ ਜ਼ਮੀਨ ਦੀ ਮੰਗ ਕੀਤੀ ਜਾ ਰਹੀ ਹੈ। ਜੇ ਸਰਕਾਰ ਵੱਲੋਂ ਪਰਲਜ਼ ਗਰੁੱਪ ਦੀਆਂ ਹਾਈਵੇ ਦੇ ਨਾਲ ਲੱਗਦੀਆਂ ਜ਼ਮੀਨਾਂ ਨੂੰ ਪ੍ਰਾਪਤ ਕਰ ਕੇ ਸਨਅਤੀ ਖੇਤਰ ਬਣਾ ਦਿੱਤੇ ਜਾਣਗੇ ਤਾਂ ਸਨਅਤਕਾਰਾਂ ਦੀ ਜ਼ਮੀਨ ਪ੍ਰਾਪਤ ਕਰਨ ਦੀ ਮੰਗ ਪੂਰੀ ਹੋ ਜਾਵੇਗੀ।
ਸਰਕਾਰ ਵੱਲੋਂ ਪਰਲਜ਼ ਗਰੁੱਪ ਦੀ ਜ਼ਮੀਨ ਵੇਚ ਕੇ ਜੋ ਕਮਾਈ ਕੀਤੀ ਜਾਵੇਗੀ, ਉਹ ਪਰਲਜ਼ ਗਰੱਪ ਤੋਂ ਪੈਸੇ ਲੈਣ ਵਾਲੇ ਪੀੜਤਾਂ ਨੂੰ ਅਦਾ ਕੀਤੀ ਜਾਵੇਗੀ। ਨਵੇਂ ਬਣਨ ਵਾਲੇ ਸਨਅਤੀ ਖੇਤਰ ਵਿਚ ਸਨਅਤਕਾਰਾਂ ਵੱਲੋਂ ਕਾਰਖ਼ਾਨੇ ਲਗਾਉਣ ਦੀ ਵੀ ਸਹਿਮਤੀ ਦੇ ਦਿੱਤੀ ਗਈ ਹੈ। ਸਨਅਤਕਾਰਾਂ ਨੇ ਕਿਹਾ ਕਿ ਕੁਹਾੜਾ ਸਥਿਤ ਪਰਲਜ਼ ਗਰੁੱਪ ਦੀ ਜ਼ਮੀਨ ਦਾ ਵਿਕਾਸ ਕਰਨ ਤੋਂ ਬਾਅਦ ਜੇ ਸਰਕਾਰ ਉਨ੍ਹਾਂ ਨੂੰ ਪਲਾਟ ਦੇਵੇ ਤਾਂ ਘੱਟੋ-ਘੱਟ 250 ਕਾਰਖ਼ਾਨੇ ਲੱਗ ਸਕਦੇ ਹਨ। ਪਰਲਜ਼ ਸਮੂਹ ਦੀ ਕਰੋੜਾਂ ਰੁਪਏ ਦੀ ਜ਼ਮੀਨ ਬੇਕਾਰ ਪਈ ਹੈ।