ਲੁਧਿਆਣਾ :ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਭਾਗ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਚਾਇਲਡ ਕੇਅਰ ਅਤੇ ਵਿਦੇਸ਼ੀ ਛੁੱਟੀ ਮਨਜ਼ੂਰ ਕਰਨ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਇਸ ਸਬੰਧੀ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ) ਅਤੇ ਸਕੂਲ ਮੁਖੀਆਂ ਨੂੰ ਜਾਰੀ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸਮਾਂ ਨੇੜੇ ਆ ਗਿਆ ਹੈ ਅਤੇ ਇਸ ਸਮੇਂ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।
ਸਕੂਲਾਂ ’ਚ ਨਾਨ-ਟੀਚਿੰਗ ਸਟਾਫ ਦਾ ਵੀ ਕਾਫੀ ਮਹੱਤਵ ਹੈ। ਇਸ ਲਈ ਜਨਵਰੀ, ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਚਾਇਲਡ ਕੇਅਰ ਲੀਵ ਅਤੇ ਵਿਦੇਸ਼ੀ ਛੁੱਟੀ ਮਨਜ਼ੁੂਰ ਨਾ ਕੀਤੀ ਜਾਵੇ ਅਤੇ ਨਾ ਹੀ ਇਸ ਸਬੰਧੀ ਸਿਫਾਰਸ਼ ਕੀਤੀ ਜਾਵੇ ਪਰ ਜੇਕਰ ਕਿਸੇ ਅਧਿਕਾਰੀ, ਮੁਲਾਜ਼ਮ ਦਾ ਬੱਚਾ 3 ਸਾਲ ਤੋਂ ਛੋਟਾ ਹੈ ਅਤੇ ਕਿਸੇ ਗੰਭੀਰ ਬੀਮਾਰੀ ਤੋਂ ਗ੍ਰਸਤ ਹੈ ਤਾਂ ਅਜਿਹੇ ਹਾਲਾਤ ’ਚ ਚਾਇਲਡ ਕੇਅਰ ਲੀਵ ਦੇ ਸਬੰਧ ’ਚ ਸਿਵਲ ਸਰਜਨ ਦੇ ਸਰਟੀਫਿਕੇਟ ਅਤੇ ਵਿਦੇਸ਼ੀ ਛੁੱਟੀ ਲਈ ਨਾ-ਟਾਲਣਯੋਗ ਹਾਲਾਤ ’ਚ ਛੁੱਟੀਆਂ ਦਾ ਫੈਸਲਾ ਮੁੱਖ ਦਫਤਰ ਵਿਖੇ ਕੀਤਾ ਜਾਵੇਗਾ।