ਲੁਧਿਆਣਾ : ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਾਬਕਾ ਵਾਈਸ ਚਾਂਸਲਰ ਅਤੇ ਪੰਜਾਬੀਅਤ ਦੇ ਮੁਦਈ, ਪ੍ਰਸਿੱਧ ਪ੍ਰਸ਼ਾਸਨਿਕ ਅਧਿਕਾਰੀ ਡਾ ਮਹਿੰਦਰ ਸਿੰਘ ਰੰਧਾਵਾ ਦੀ ਜਨਮ ਵਰੇਗੰਢ ਮਨਾਈ ਗਈ ਇਸ ਮੌਕੇ ਉਨ੍ਹਾਂ ਦੀ ਯਾਦ ਵਿਚ ਇਕ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਗੁਰਮੀਤ ਸਿੰਘ ਬੁੱਟਰ ਨੇ ਇਸ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਡਾ ਬੁੱਟਰ ਨੇ ਇਸ ਮੌਕੇ ਕਿਹਾ ਕਿ ਡਾ ਮਹਿੰਦਰ ਸਿੰਘ ਰੰਧਾਵਾ ਨਾ ਸਿਰਫ਼ ਖੇਤੀਬਾੜੀ ਬਲਕਿ ਪੰਜਾਬ ਦੇ ਬਹੁਤ ਵੱਡੇ ਕਲਾ ਸਮਾਜ ਵਿਗਿਆਨੀ ਰਹੇ ਹਨ। ਡਾ ਰੰਧਾਵਾ ਨੇ ਪੰਜਾਬ ਦੀਆਂ ਲੋਕ ਕਲਾਵਾਂ ਦੀ ਸਾਂਭ ਸੰਭਾਲ ਲਈ ਅਣਥੱਕ ਯਤਨ ਕੀਤੇ।
ਉਨ੍ਹਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਉਸਾਰਨ ਅਤੇ ਵਿਕਸਿਤ ਕਰਨ ਵਿੱਚ ਵੀ ਡਾ ਰੰਧਾਵਾ ਦਾ ਯੋਗਦਾਨ ਅਭੁੱਲ ਸੀ। ਇਸ ਲਈ ਪੀਏਯੂ ਦੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦੀ ਯਾਦ ਵਿਚ ਕਲਾ ਪ੍ਰਦਰਸ਼ਨੀ ਲਾਉਣਾ ਸੱਚੀ ਸ਼ਰਧਾਂਜਲੀ ਦੇਣ ਵਾਂਗ ਹੈ।
ਵੱਖ ਵੱਖ ਜਮਾਤਾਂ ਅਤੇ ਕੋਰਸਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੇ ਆਪਣੀਆਂ ਬਣਾਈਆਂ ਕਲਾਕਰਿਤਾਂ ਇਸ ਮੌਕੇ ਪ੍ਰਦਰਸ਼ਿਤ ਕੀਤੀਆਂ। ਸਮੂਹ ਵਿਦਿਆਰਥੀਆਂ ਨੇ ਲਾਅਨ ਵਿਚ ਇਕ ਓਪਨ ਮਾਈਕ ਡਿਬੇਟ ਦਾ ਆਯੋਜਨ ਵੀ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਡਾ ਰੰਧਾਵਾ ਦੀ ਦੇਣ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਜੀਵਨ ਕੋਲੋਂ ਪ੍ਰੇਰਨਾ ਲੈਣ ਦਾ ਤਹੱਈਆ ਕੀਤਾ।