ਲੁਧਿਆਣਾ : ਸਮਾਜ ਵਿਚ ਔਰਤਾਂ ‘ਤੇ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਹਮੇਸ਼ਾਂ ਆਵਾਜ਼ ਬੁਲੰਦ ਕਰਨ ਵਾਲੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪਿੰਡ ਚੱਕ ਕਲਾਂ ਦੀ ਡੇਢ ਕੁ ਮਹੀਨਾ ਪਹਿਲਾਂ ਵਿਆਹੀ ਪਤੀ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਤੇਜ਼ਾਬ ਪੀੜ੍ਹਤਾ ਨਵ-ਵਿਆਹੁਤਾ ਅਮਨਦੀਪ ਕੌਰ ਦੀ ਇਨਸਾਫ਼ ਲਈ ਲਗਾਈ ਗਈ ਗੁਹਾਰ ‘ਤੇ ਉਸਦਾ ਹਾਲ ਜਾਨਣ ਲਈ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ।
ਇਸ ਦੌਰਾਨ ਪੀੜ੍ਹਤ ਅਮਨਦੀਪ ਕੌਰ ਪੁੱਤਰੀ ਦਲਜੀਤ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ ਇਸੇ ਸਾਲ 23 ਜਨਵਰੀ ਨੂੰ ਪਿੰਡ ਜੱਸੀਆਂ ਨੇੜੇ ਰਹਿੰਦੇ ਹਰਦਿਆਲ ਚੰਦ ਨਾਲ ਹੋਇਆ ਸੀ ਤੇ ਉਸਦਾ ਪਤੀ ਵਿਆਹ ਵਾਲੇ ਦਿਨ ਤੋਂ ਹੀ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਵਿਆਹ ਦੇ ਇਕ ਮਹੀਨੇ ਬਾਅਦ ਹੀ ਉਸਦੇ ਪਤੀ ਨੇ ਪ੍ਰੇਸ਼ਾਨ ਕਰਨ ਦੀਆਂ ਹੱਦਾਂ ਨੂੰ ਪਾਰ ਕਰਦਿਆਂ ਉਸਦੇ ਸਰੀਰ ਉੱਪਰ ਤੇਜ਼ਾਬ ਪਾ ਦਿੱਤਾ ਤੇ ਉਸਨੇ ਭੱਜ ਕੇ ਜਾਨ ਬਚਾਈ।
ਇਸ ਸਬੰਧੀ ਉਸਦੇ ਸਹੁਰੇ ਪਰਿਵਾਰ ਦੀ ਪਹੁੰਚ ਹੋਣ ਕਾਰਨ ਉਸਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਇਹ ਸਮੱਸਿਆ ਨੂੰ ਸੁਣ ਕੇ ਚੇਅਰਪਰਸਨ ਮੈਡਮ ਗੁਲਾਟੀ ਨੇ ਪੀੜਿਤਾ ਨੂੰ ਇਨਸਾਫ਼ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਮਾਮਲੇ ਪ੍ਰਤੀ ਉਹ ਬਹੁਤ ਗੰਭੀਰ ਹਨ ਤੇ ਉਹ ਸਾਰੇ ਮਾਮਲੇ ਦੀ ਜਾਂਚ ਉਚੇਚੇ ਤੌਰ ‘ਤੇ ਕਰਵਾ ਕੇ ਇਨਸਾਫ਼ ਦਿਵਾਉਣ ਤੱਕ ਪੂਰਾ ਸਾਥ ਦੇਣਗੇ।
ਇਸ ਮੌਕੇ ਚੇਅਰਪਰਸਨ ਗੁਲਾਟੀ ਨੇ ਹੋਰ ਮਹਿਲਾ ਵਰਗ ਦੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਕਿਹਾ ਕਿ ਔਰਤਾਂ ਹਮੇਸ਼ਾਂ ਘਰ ਦੇ ਮਜਬੂਤ ਥੰਮ ਵਾਂਗ ਹੁੰਦੀਆਂ ਹਨ, ਜਿਸ ਉੱਰ ਸਾਰਾ ਘਰ ਟਿਕਿਆ ਹੁੰਦਾ ਹੈ ਤੇ ਔਰਤ ਨੂੰ ਉਸਦਾ ਬਣਦਾ ਸਨਮਾਨ ਮਿਲਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਚੇਅਰਮੈਨ ਰਾਮ ਆਸਰਾ ਸਿੰਘ ਚੱਕ ਕਲਾਂ, ਸਾਬਕਾ ਸਰਪੰਚ ਸੁਖਵੰਤ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।