ਲੁਧਿਆਣਾ : ਆਲ ਟੈਂਪੂ ਯੂਨੀਅਨ (ਏ.ਟੀ.ਯੂ.) ਦੀ ਇਕ ਅਹਿਮ ਮੀਟਿੰਗ ਯੂਨੀਅਨ ਦੇ ਢੋਲੇਵਾਲ ਚੌਂਕ ਵਿਖੇ ਸਥਿਤ ਦਫ਼ਤਰ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਏ.ਟੀ.ਯੂ. ਦੇ ਪ੍ਰਧਾਨ ਬਲਦੇਵ ਸਿੰਘ ਧਰੋੜ ਨੇ ਕੀਤੀ ਅਤੇ ਉਨ੍ਹਾਂ ਨੇ ਵਪਾਰਕ ਵਾਹਨਾਂ ਦੇ ਜ਼ੁਰਮਾਨੇ ਤੇ ਚਲਾਨ ਤੁਰੰਤ ਮਾਫ਼ ਕਰਨ ਦੀ ਮੰਗ ਕੀਤੀ।
ਸ.ਧਰੋੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਟੋ ਰਿਕਸ਼ਾ ਚਾਲਕਾਂ ਦੇ ਜ਼ੁਰਮਾਨੇ ਤੇ ਚਲਾਨ ਮਾਫ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸੇ ਤਰਜ਼ ‘ਤੇ ਵਪਾਰਕ ਵਾਹਨਾਂ ਦੇ ਟ੍ਰੈਫ਼ਿਕ ਚਲਾਨ ਤੇ ਜ਼ੁਰਮਾਨਿਆਂ ਨੂੰ ਤੁਰੰਤ ਮਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਤੁਰੰਤ ਪਾਸਿੰਗ ਦਾ ਜ਼ੁਰਮਾਨਾ ਤੇ ਪਰਮਿਟ ਦਾ ਜ਼ੁਰਮਾਨਾ ਘੱਟ ਕਰਕੇ ਟਰਾਂਸਪੋਰਟਰਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕੋਰੋਨਾ ਕਰਕੇ ਅਤੇ ਡੀਜਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਰਕੇ ਟਰਾਂਸਪੋਰਟ ਕਾਰੋਬਾਰ ਤਬਾਹੀ ਕੰਡੇ ਪੁੱਜ ਗਿਆ ਹੈ ਅਤੇ ਟਰਾਂਸਪੋਰਟਰਾਂ ਨੂੰ ਆਪਣੇ ਕਾਰੋਬਾਰ ਚਲਾਉਣੇ ਮੁਸ਼ਕਿਲ ਹੋਏ ਪਏ ਹਨ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਰਾਹਤ ਦੇਣ ਦਾ ਐਲਾਨ ਕਰਕੇ ਟਰਾਂਸਪੋਰਟਰਾਂ ਨੂੰ ਤਬਾਹ ਹੋਣ ਤੋਂ ਬਚਾਉਣਾ ਚਾਹੀਦਾ ਹੈ।