ਲੁਧਿਆਣਾ : ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੱਕੀ ਲੈਣ-ਦੇਣ ਦੀ ਸੂਚਨਾ ਪ੍ਰਾਪਤ ਕਰਨ ਦੇ ਮੱਦੇਨਜ਼ਰ, ਖਰਚਾ ਨਿਗਰਾਨ ਨੇ ਅੱਜ ਬੈਂਕ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਸ਼ੱਕੀ ਲੈਣ-ਦੇਣ ਦੇ ਵੇਰਵੇ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਇਸ ਸਬੰਧੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਮੀਟਿੰਗ ਹੋਈ, ਜਿਸ ਵਿੱਚ ਖਰਚਾ ਨਿਗਰਾਨ ਅਵੀਜੀਤ ਮਿਸ਼ਰਾ ਆਈ.ਆਰ.ਐਸ., ਅਭਿਜੀਤ ਕੁੰਡੂ ਆਈ.ਆਰ.ਐਸ., ਅਮਿਤ ਕੁਮਾਰ ਸ਼ਰਮਾ ਆਈ.ਆਰ.ਐਸ., ਸਵਾਤੀ ਸ਼ਾਹੀ ਆਈ.ਪੀ.ਐਂਡ.ਟੀ.ਏ.ਐਫ.ਐਸ., ਅਲਕਾ ਗੌਤਮ ਆਈ.ਆਰ.ਐਸ., ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਪਬਲਿਕ ਸੈਕਟਰ, ਪ੍ਰਾਈਵੇਟ ਸੈਕਟਰ, ਸਹਿਕਾਰੀ ਅਤੇ ਪੇਂਡੂ/ਗ੍ਰਾਮੀਣ ਬੈਂਕਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਖਰਚਾ ਨਿਗਰਾਨਾਂ ਨੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਅਸਾਧਾਰਨ ਅਤੇ ਸ਼ੱਕੀ ਨਕਦੀ ਕਢਵਾਉਣ ਜਾਂ ਖਾਤੇ ਵਿੱਚ 1 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾਂ ਕਰਨ ਦੀ ਰਿਪੋਰਟ ਦੇਣ ਲਈ ਕਿਹਾ। ਉਨ੍ਹਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੰਦਿਆਂ, ਖਰਚਾ ਨਿਗਰਾਨ ਨੇ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਇੱਕ ਬੈਂਕ ਖਾਤੇ ਤੋਂ ਆਰ.ਟੀ.ਜੀ.ਐਸ. ਦੁਆਰਾ ਇੱਕ ਹਲਕੇ ਵਿੱਚ ਕਈ ਵਿਅਕਤੀਆਂ ਦੇ ਖਾਤਿਆਂ ਵਿੱਚ ਅਸਾਧਾਰਨ ਰਕਮ ਪਾਈ ਹੋਵੇ ਤਾਂ ਉਸਦੀ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਚੋਣ ਉਮੀਦਵਾਰਾਂ ਜਾਂ ਉਨ੍ਹਾਂ ਦੇ ਪਤੀ-ਪਤਨੀ ਜਾਂ ਉਸਦੇ ਆਸ਼ਰਿਤਾਂ ਦੇ ਬੈਂਕ ਖਾਤੇ ਤੋਂ 1 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾਂ ਜਾਂ ਕੱਢਵਾਈ ਹੋਵੇ, ਬਾਰੇ ਵੀ ਜਾਣਕਾਰੀ ਦਿੱਤੀ ਜਾਵੇ, ਜਿਵੇਂ ਕਿ ਉਮੀਦਵਾਰਾਂ ਦੁਆਰਾ ਦਾਇਰ ਹਲਫਨਾਮੇ ਵਿੱਚ ਦੱਸਿਆ ਗਿਆ ਹੈ, ਜੋ ਕਿ ਸੀ.ਈ.ਓ. ਦੀ ਵੈੱਬਸਾਈਟ ‘ਤੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਸਿਆਸੀ ਪਾਰਟੀ ਦੇ ਖਾਤੇ ਵਿੱਚ 1 ਲੱਖ ਰੁਪਏ ਤੋਂ ਇਲਾਵਾ ਕਿਸੇ ਵੀ ਹੋਰ ਸ਼ੱਕੀ ਨਕਦ ਲੈਣ-ਦੇਣ, ਜਿਸਦੀ ਵਰਤੋਂ ਚੋਣਾਂ ਵਿੱਚ ਰਿਸ਼ਵਤ ਦੇਣ ਲਈ ਕੀਤੀ ਜਾ ਸਕਦੀ ਹੈ, ਦੀ ਰਿਪੋਰਟ ਕੀਤੀ ਜਾਵੇ।
ਇਨਕਮ ਟੈਕਸ ਕਾਨੂੰਨ ਤਹਿਤ ਲੋੜੀਂਦੀ ਕਾਰਵਾਈ ਲਈ ਆਮਦਨ ਕਰ ਵਿਭਾਗ ਦੇ ਨੋਡਲ ਅਫਸਰਾਂ ਨੂੰ 10 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਮ੍ਹਾਂ ਕਰਵਾਉਣ ਜਾਂ ਕੱਢਵਾਉਣ ਲਈ ਵੀ ਰਿਪੋਰਟ ਕੀਤੀ ਜਾਣੀ ਹੈ। ਖਰਚਾ ਨਿਗਰਾਨ ਨੇ ਅੱਗੇ ਕਿਹਾ ਕਿ ਸਾਰੀਆਂ ਹਦਾਇਤਾਂ ਜ਼ਿਲ੍ਹਾ ਲੁਧਿਆਣਾ ਵਿੱਚ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਪਹਿਲਾਂ ਹੀ ਭੇਜ ਦਿੱਤੀਆਂ ਗਈਆਂ ਹਨ ਤਾਂ ਜੋ ਇਸ ਦੀ ਪਾਲਣਾ ਨੂੰ ਲਾਜ਼ਮੀ ਤੌਰ ‘ਤੇ ਯਕੀਨੀ ਬਣਾਇਆ ਜਾ ਸਕੇ।