ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਆਕਾਸ਼ਵਾਣੀ ਜਲੰਧਰ ਦੀ ਕੇਂਦਰ ਨਿਰਦੇਸ਼ਕ ਸ਼੍ਰੀਮਤੀ ਸੰਤੋਸ਼ ਰਿਸ਼ੀ ਨੂੰ ਆਪਣੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਦਾ ਸੱਜਰਾ ਅੰਕ ਭੇਂਟ ਕਰਦਿਆਂ ਕਿਹਾ ਹੈ ਕਿ 1974 ਤੋਂ ਲੈ ਕੇ ਅੱਜ ਤੀਕ ਮੈਂ ਪਹੁਤ ਕੁਝ ਆਕਾਸ਼ਵਾਣੀ ਅਤੇ ਇਸ ਦੇ ਅਧਿਕਾਰੀਆਂ ਤੋਂ ਸਿੱਖਿਆ ਹੈ। ਪਹਿਲੀ ਵਾਰ ਯੁਵ ਵਾਣੀ ਪ੍ਰੋਗ੍ਰਾਮ ਵਿੱਚ ਆਏ ਸਨ ਅਤੇ ਉਨ੍ਹਾਂ ਨੂੰ ਸ ਸ ਮੀਸ਼ਾ ਨੇ ਮਾਈਕਰੋਫੋਨ ਤੇ ਬੋਲਣ ਦਾ ਢੰਗ ਤਰੀਕਾ ਸਿਖਾਇਆ ਸੀ।
ਇਸ ਮੌਕੇ ਸ਼੍ਰੀਮਤੀ ਸੰਤੋਸ਼ ਰਿਸ਼ੀ ਨੇ ਆਕਾਸ਼ਵਾਣੀ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੇਂਦਰ ਨੇ 1947 ਵਿੱਚ ਸਥਾਪਤ ਹੋਣ ਮਗਰੋਂ ਪੰਜਾਬ ਦੇ ਪੇਂਡੂ ਵਿਕਾਸ, ਹਰੇ ਇਨਕਲਾਬ ਦੀ ਸਿਰਜਣਾ ਅਤੇ ਗੁਰਬਾਣੀ ਤੇ ਲੋਕ ਪ੍ਰਸਾਰਨ ਵਿੱਚ ਵਡਮੁੱਲਾ ਹਿੱਸਾ ਪਾਇਆ ਹੈ। ਲੋਕਾਂ ਅਤੇ ਵਿਕਾਸ ਅਦਾਰਿਆਂ ਵਿਚਕਾਰ ਮਜਬੂਤ ਪੁਲ ਦੇ ਰੂਪ ਵਿੱਚ ਇਸਨੂੰ ਅੱਜ ਵੀ ਉੱਘਾ ਯੋਗਦਾਨ ਪਾਉਣ ਦਾ ਮਾਣ ਮਿਲ ਰਿਹਾ ਹੈ।