ਜਗਰਾਉਂ / ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ‘ਤੇ ਕਿੱਲੀ ਚਾਹਲਾਂ ਰੈਲੀ ‘ਚ ਜਾ ਰਹੇ ਅਕਾਲੀਆਂ ਦੀ ਗੱਡੀਆਂ ਦੇ ਕਾਫਲੇ ਨੂੰ ਰੋਕ ਕੇ ਕਿਸਾਨਾਂ ਨੇ ਗੱਡੀਆਂ ‘ਚੋਂ ਸ਼ਰਾਬ ਦੀ ਬੋਤਲਾਂ ਕੱਢ ਕੇ ਸੜਕ ‘ਤੇ ਸੁੱਟ ਦਿੱਤੀਆਂ । ਅਕਾਲੀਆਂ ਦੀ ਗੱਡੀਆਂ ਵਿੱਚੋਂ ਸ਼ਰਾਬ ਬਰਾਮਦ ਹੋਣ ‘ਤੇ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਵੀ ਕੀਤਾ ।
ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਫ਼ਿਰੋਜ਼ਪੁਰ ਮੁੱਖ ਮਾਰਗ ਤੋਂ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਰੈਲੀ ਵਿੱਚ ਜਾ ਰਹੀ ਅਕਾਲੀ ਦਲ ਦੇ ਵਾਹਨਾਂ ਦੇ ਕਾਫਲੇ ਨੂੰ ਚੌਂਕੀਮਾਨ ਨੇੜੇ ਕਿਸਾਨਾਂ ਨੇ ਰੋਕ ਲਿਆ। ਇਸ ਦੌਰਾਨ ਕਿਸਾਨਾਂ ਨੇ ਅਕਾਲੀਆਂ ਦਾ ਜ਼ੋਰਦਾਰ ਵਿਰੋਧ ਕੀਤਾ ।
ਇਸ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨਾਂ ਵੱਲੋਂ ਘੇਰੀ ਇੱਕ ਇੰਡੈਵਰ ਗੱਡੀ ‘ਚ ਝਾਤ ਮਾਰੀ ਤਾਂ ਅੰਦਰ ਸ਼ਰਾਬ ਦੀ ਬੋਤਲਾਂ, ਖ਼ਾਰੇ ਸੋਢੇ ਅਤੇ ਹੋਰ ਸਾਮਾਨ ਦੇਖ ਕੇ ਕਿਸਾਨ ਭੜਕ ਉੱਠੇ। ਉਨ੍ਹਾਂ ਇਨਡੈਵਰ ਕਾਰ ਨੂੰ ਚਾਰੋਂ ਪਾਸੇ ਘੇਰਾ ਪਾ ਲਿਆ ਅਤੇ ਕਾਰ ਖੋਲ੍ਹ ਕੇ ਉਸ ਵਿੱਚੋਂ ਸ਼ਰਾਬ ਦੀ ਬੋਤਲਾਂ ਬਾਹਰ ਕੱਢ ਕੇ ਸੜਕ ਤੇ ਸੁੱਟ ਦਿੱਤੀਆਂ।
ਇਸ ਦੌਰਾਨ ਕਿਸਾਨਾਂ ਨੇ ਅਕਾਲੀਆਂ ਨੂੰ ਲਾਹਨਤਾਂ ਪਾਉਂਦੇ ਕਿਹਾ ਕਿ ਉਂਜ ਤਾਂ ਉਹ ਪੰਥਕ ਪਾਰਟੀ ਦੇ ਆਗੂ ਅਖਵਾਉਂਦੇ ਹਨ, ਪਰ ਉਸ ਗੱਡੀ ਵਿਚ ਸ਼ਰਾਬ ਦੀ ਬੋਤਲਾਂ ਸੋਡੇ ਮਿਲਣ ਤੇ ਉਨ੍ਹਾਂ ਦੀਆਂ ਕਰਤੂਤਾਂ ਜੱਗ ਜ਼ਾਹਿਰ ਹੋ ਗਈਆਂ ਹਨ ।