ਪਾਇਲ / ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜ ਕਾਲ ਦੌਰਾਨ ਤਾਂ ਕੁਝ ਕੀਤਾ ਨਹੀਂ ਤੇ ਹੁਣ ਪੰਜਾਬ ਦੀ ਦੁਸ਼ਮਣ ਜਮਾਤ ਭਾਜਪਾ ਨਾਲ ਰਲ ਕੇ ਮੁੜ ਸੱਤਾ ਦੇ ਸੁਫ਼ਨੇ ਦੇਖ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਦਲ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਅਕਾਲੀ ਦਲ, ਭਾਜਪਾ ਤੇ ਅਮਰਿੰਦਰ ਸਿੰਘ ਇਕੱਠੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਅਤੇ ਬਾਦਲ ਪਰਿਵਾਰ ਤੇ ਮਜੀਠੀਆ ਦੀਆਂ ਆਪ ਹੁਦਰੀਆਂ ਕਰ ਕੇ ਅਕਾਲੀ ਦਲ ਹਾਸ਼ੀਏ ਉੱਤੇ ਪੁੱਜ ਗਿਆ ਹੈ ਤੇ ਜਦ ਤੱਕ ਸੁਖਬੀਰ ਤੇ ਮਜੀਠੀਆ ਅਕਾਲੀ ਦਲ ਵਿਚ ਹਨ ਉਦੋਂ ਤੱਕ ਅਕਾਲੀ ਦਲ ਉੱਠ ਨਹੀਂ ਸਕਦਾ। ਅਕਾਲੀ ਦਲ ਦੇ ਆਗੂਆਂ ਵੱਲੋਂ ਲੁੱਟ ਦੇ ਪੈਸੇ ਨਾਲ ਪਾਈਆਂ ਬੱਸਾਂ ਅੱਜ ਥਾਣਿਆਂ ਵਿਚ ਖੜੀਆਂ ਹਨ। ਉਹਨਾਂ ਕਿਹਾ ਕਿ ਬੇਅਦਬੀ ਦਾ ਕੇਸ ਬਹੁਤ ਸਹੀ ਤਰੀਕੇ ਨਾਲ ਹੱਲ ਕੀਤਾ ਜਾ ਰਿਹਾ ਹੈ ਤੇ ਦੋਸ਼ੀ ਬਚਣ ਨਹੀਂ ਦਿੱਤੇ ਜਾਣਗੇ ਅਤੇ ਨਾ ਹੀ ਨਸ਼ੇ ਵਾਲਿਆਂ ਨੂੰ ਛੱਡਿਆ ਜਾਵੇਗਾ।
ਕੇਜਰੀਵਾਲ ਤੇ ਤਿੱਖਾ ਵਿਅੰਗ ਕੱਸਦਿਆਂ ਚੰਨੀ ਨੇ ਕਿਹਾ ਕਿ ਪੰਜਾਬ ਨੂੰ ਸ਼ਾਮਲਾਟ ਸਮਝ ਕੇ ਦਿੱਲੀ ਵਾਲੇ ਏਥੇ ਕਬਜ਼ਾ ਕਰਨ ਨੂੰ ਫਿਰਦੇ ਹਨ। ਇੱਥੇ ਰਾਜ ਪੰਜਾਬ ਦੇ ਆਮ ਲੋਕ ਕਰਨਗੇ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਪਿਆਰ ਦਾ ਹੀ ਨਤੀਜਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ ਉੱਥੇ ਆਮ ਲੋਕ ਵੱਧ ਚੜ੍ਹ ਕੇ ਉਹਨਾਂ ਨੂੰ ਮਿਲਣ ਪੁੱਜ ਜਾਂਦੇ ਹਨ ਜਦਕਿ ਕੇਜਰੀਵਾਲ ਤੇ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਬਿਲਕੁਲ ਇਕੱਠ ਨਹੀਂ ਹੁੰਦਾ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ ਦਾਅਵੇ ਤਾਂ ਵੱਡੇ ਵੱਡੇ ਕਰਦੇ ਹਨ ਪਰ ਸੱਚ ਇਹ ਹੈ ਕਿ ਉਨ੍ਹਾਂ ਨੂੰ ਪੰਜਾਬ ਬਾਰੇ ਪਤਾ ਕੁਝ ਵੀ ਨਹੀਂ ਹੈ। ਕੇਜਰੀਵਾਲ ਨੂੰ ਨਾ ਤਾਂ ਪੰਜਾਬ ਦੇ ਰਹਿਣ ਸਹਿਣ ਬਾਰੇ ਅਤੇ ਨਾ ਹੀ ਪੰਜਾਬ ਦੀਆਂ ਮੁਸ਼ਕਲਾਂ ਬਾਰੇ ਕੁਝ ਪਤਾ ਹੈ। ਉਨ੍ਹਾਂ ਕਿਹਾ ਕਿ ਲੋਕ ਅਜਿਹੇ ਬਾਹਰੀ ਆਗੂਆਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ।
ਚੰਨੀ ਨੇ ਦੋਰਾਹਾ ਦੇ ਸੀਵਰੇਜ ਲਈ 13 ਕਰੋੜ, ਪਾਇਲ ਤੇ ਮਲੌਦ ਦੇ ਵਿਕਾਸ ਲਈ 02 -02 ਕਰੋੜ ਦੇਣ ਦਾ ਐਲਾਨ ਕੀਤਾ। ਸਿਵਲ ਹਸਪਤਾਲ ਪਾਇਲ ਵਿਚ ਪੋਸਟ ਮਾਰਟਮ ਦੀ ਸਹੂਲਤ, ਗੰਦੇ ਪਾਣੀ ਦੇ ਨਿਕਾਸ ਲਈ 40 ਲੱਖ, ਪਾਇਲ ਬੀਜਾ ਸੜਕ ਦੀ ਵਿਸ਼ੇਸ਼ ਮੁਰੰਮਤ, ਨੰਬਰਦਾਰੀ ਜੱਦੀ ਪੁਸ਼ਤੀ ਸਰਬਰਾਹੀ ਤਹਿਤ ਨਵੀਂ ਸ਼ਰਤ ਨਾਲ ਦੇਣ, ਪਾਇਲ ਮੰਡੀ ਦੇ ਸ਼ੈੱਡ ਲਈ ਗਰਾਂਟ, ਅਹਿਮਦਗੜ੍ਹ ਤੋਂ ਚੰਡੀਗੜ੍ਹ ਬਾਰਸਤਾ ਪਾਇਲ ਅਤੇ ਚਿੰਤਪੂਰਨੀ ਤੱਕ ਦਾ ਬੱਸ ਰੂਟ ਬਹਾਲ ਕਰਨ ਦਾ ਐਲਾਨ ਕੀਤਾ।