ਲੁਧਿਆਣਾ : ਬਹੁਤ ਸਾਰੇ ਖੇਤੀ ਉਤਪਾਦਨਾਂ ਨੂੰ ਸਿੱਧੇ ਤੌਰ ਤੇ ਨਹੀਂ ਵਰਤਿਆ ਜਾ ਸਕਦਾ, ਜਿਸ ਲਈ ਉਨ੍ਹਾਂ ਦੀ ਪ੍ਰੋਸੈਸਿੰਗ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ | ਖੇਤੀ ਉਤਪਾਦਨਾਂ ਦੀ ਸੁਚੱਜੀ ਖਪਤ ਲਈ ਵੱਧ ਤੋਂ ਵੱਧ ਖੇਤੀ ਪ੍ਰੋਸੈਸਿੰਗ ਕੰਪਲੈਕਸਾਂ ਨੂੰ ਸਥਾਪਤ ਕਰਨ ਤੇ ਜ਼ੋਰ ਦਿੰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਇਹ ਕੰਪਲੈਕਸ ਵੱਡੀ ਭੂਮਿਕਾ ਨਿਭਾਅ ਸਕਦੇ ਹਨ |
ਖੇਤੀ ਉਤਪਾਦਨਾਂ ਦੀ ਮੁੱਢਲੀ ਪ੍ਰੋਸੈਸਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਡਾ. ਗੋਸਲ ਨੇ ਕਿਹਾ ਕਿ ਇਸ ਨਾਲ ਖੇਤ ਉਤਪਾਦਾਂ ਨੂੰ ਸਿੱਧੇ ਤੌਰ ਤੇ ਖਾਣਯੋਗ ਬਣਾਇਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਖੇਤੀ ਪ੍ਰੋਸੈਸਿੰਗ ਨਾਲ ਖੇਤੀ ਜਿਣਸਾਂ ਦਾ ਮੁੱਲ ਵਾਧਾ ਹੋਵੇਗਾ ਅਤੇ ਮੰਡੀਆਂ ਵਿੱਚ ਚੰਗਾ ਭਾਅ ਮਿਲਣ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਇਜ਼ਾਫ਼ਾ ਹੋ ਸਕੇਗਾ |
ਡਾ. ਗੋਸਲ ਨੇ ਦੱਸਿਆ ਕਿ ਖੇਤੀ ਪ੍ਰੋਸੈਸਿੰਗ ਦੇ ਇਨ੍ਹਾਂ ਫਾਇਦਿਆਂ ਨੂੰ ਮੱਦੇਨਜ਼ਰ ਰੱਖਦਿਆਂ ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਫੂਡ ਇੰਜੀਨਅਰਿੰਗ ਵਿਭਾਗ ਵਲੋਂ ਖੇਤੀ ਪ੍ਰੋਸੈਸਿੰਗ ਕੰਪਲੈਕਸ ਸਥਾਪਿਤ ਕਰਨ ਦਾ ਸੰਕਲਪ ਦਿੱਤਾ ਗਿਆ ਹੈ | ਇਹ ਕੰਪਲੈਕਸ ਕਈ ਤਰ੍ਹਾਂ ਦੇ ਖੇਤੀ ਉਤਪਾਦਾਂ ਖਾਸ ਤੌਰ ਤੇ ਘੱਟ ਖਰਾਬ ਹੋਣ ਵਾਲੀਆਂ ਫ਼ਸਲਾਂ ਦੀ ਮੁੱਢਲੀ ਪ੍ਰੋਸੈਸਿੰਗ ਕਰਕੇ ਉਹਨਾਂ ਨੂੰ ਖਾਣਯੋਗ ਬਣਾਉਂਦੇ ਹਨ | ਇਹ ਖਾਧ-ਪਦਾਰਥ ਸਾਡੇ ਘਰਾਂ ਵਿੱਚ ਰੋਜ਼ਾਨਾਂ ਵਰਤੇ ਜਾਂਦੇ ਹਨ |
ਇਨ੍ਹਾਂ ਖੇਤੀ ਪ੍ਰੋਸੈਸਿੰਗ ਕੰਪਲੈਕਸਾਂ ਦੀ ਪੰਜਾਬ ਦੇ ਕਿਸਾਨਾਂ ਅਤੇ ਛੋਟੇ ਉੱਦਮੀਆਂ ਵਿੱਚ ਹਰਮਨ ਪਿਆਰਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਦੱਸਿਆ ਕਿ ਇਨ੍ਹਾਂ ਕੰਪਲੈਕਸਾਂ ਵਿੱਚ ਕਰਨ ਵਾਲੇ ਪ੍ਰੋਸੈਸਿੰਗ ਕਾਰਜਾਂ ਲਈ ਕੋਈ ਲੰਬੀ ਚੌੜੀ ਤਕਨੀਕੀ ਜਾਣਕਾਰੀ ਹੋਣੀ ਜ਼ਰੂਰੀ ਨਹੀਂ ਹੁੰਦੀ | ਇਨ੍ਹਾਂ ਵਿਚਲੀ ਮਸ਼ੀਨਰੀ ਸਥਾਨਕ ਤੌਰ ਤੇ ਉਪਲੱਬਧ ਹੋ ਜਾਂਦੀ ਹੈ ਅਤੇ ਇਨ੍ਹਾਂ ਦੀ ਮੁਰੰਮਤ ਕੋਈ ਵੀ ਕਾਰੀਗਰ ਕਰ ਸਕਦਾ ਹੈ |
ਡਾ. ਤਰਸੇਮ ਚੰਦ ਮਿੱਤਲ, ਪ੍ਰੋਫੈਸਰ ਅਤੇ ਮੁਖੀ, ਪ੍ਰੋਸੈਸਿੰਗ ਅਤੇ ਭੋਜਨ ਇੰਜੀਨਅਰਿੰਗ ਵਿਭਾਗ, ਪੀ.ਏ.ਯੂ. ਨੇ ਖੇਤੀ ਪ੍ਰੋਸੈਸਿੰਗ ਕੰਪਲੈਕਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲਈ 5 ਕੁਇੰਟਲ/ਪ੍ਰਤੀ ਘੰਟਾ ਆਟਾ ਚੱਕੀ, 250 ਕਿੱਲੋ/ਪ੍ਰਤੀ ਘੰਟਾ ਵਾਲੀ ਮਿੰਨੀ ਰਾਈਸ ਮਿੱਲ, 100 ਕਿੱਲੋ/ਪ੍ਰਤੀ ਘੰਟਾ ਵਾਲਾ ਬੇਬੀ ਆਇਲ ਐਕਸਪੈਲਰ, 50 ਕਿਲੋ/ਪ੍ਰਤੀ ਘੰਟਾ ਮਸਾਲਾ ਪੀਸਣ ਵਾਲੀ ਮਸ਼ੀਨ, ਦਾਲਾਂ ਦੀ ਸਫ਼ਾਈ ਅਤੇ ਗਰੇਡਿੰਗ ਵਾਲੀ ਮਸ਼ੀਨ, ਪਸ਼ੂ ਫੀਡ ਮਿੱਲ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੀ ਲਾਗਤ ਤੇ ਲਗਭਗ 15-25 ਲੱਖ ਰੁਪਏ ਖਰਚ ਹੁੰਦੇ ਹਨ |
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸਦਾ ਇੱਕ ਡਿਜ਼ਾਈਨ ਵੀ ਤਿਆਰ ਕੀਤਾ ਗਿਆ ਹੈ, ਜਿਸ ਲਈ 50ਣ60 ਫੁੱਟ ਦੀ ਘੱਟੋ ਘੱਟ ਥਾਂ ਲੋੜੀਂਦੀ ਹੁੰਦੀ ਹੈ | ਡਾ. ਮਿੱਤਲ ਨੇ ਦੱਸਿਆ ਕਿ ਮਸ਼ੀਨਾਂ ਚਲਾਉਣ ਲਈ 25 ਕਿਲੋਵਾਟ ਦਾ ਬਿਜਲੀ ਕੁਨੈਕਸ਼ਨ ਕਾਫ਼ੀ ਹੁੰਦਾ ਹੈ ਅਤੇ ਅਜਿਹੇ ਯੂਨਿਟ ਨੂੰ ਚਲਾਉਣ ਲਈ 4-5 ਵਿਅਕਤੀਆਂ ਨੂੰ ਰੁਜ਼ਗਾਰ ਵੀ ਹਾਸਲ ਹੋ ਸਕਦਾ ਹੈ |