ਲੁਧਿਆਣਾ : ਮਹਾਂਨਗਰ ਵਿਚ 2 ਕੰਪਨੀਆਂ ਨੇ ਨਾਜਾਇਜ਼ ਤੌਰ ‘ਤੇ ਗੋਦਾਮ ਕਿਰਾਏ ‘ਤੇ ਲੈ ਕੇ ਨਕਲੀ ਦਵਾਈਆਂ ਤੇ ਬੀਜ ਸਟੋਰ ਕਰਕੇ ਰੱਖੇ ਹੋਏ ਸਨ। ਇਸ ਦੀ ਸੂਚਨਾ ਮਿਲਣ ‘ਤੇ ਖੇਤੀਬਾੜੀ ਦੇ ਅਧਿਕਾਰੀਆਂ ਨੇ ਗੁਪਤ ਸੂਚਨਾ ‘ਤੇ ਇਨ੍ਹਾਂ ਕੰਪਨੀਆਂ ਦੇ ਇਕ ਗੋਦਾਮ ‘ਤੇ ਛਾਪਾ ਮਾਰਿਆ ਜੋ ਕਿ ਟਰਾਂਸਪੋਰਟ ਨਗਰ ਵਿਚ ਸਥਿਤ ਸੀ। ਟੀਮ ਨੂੰ ਗੋਦਾਮ ਤੋਂ ਨਕਲੀ ਦਵਾਈਆਂ ਤੇ ਬੀਜਾਂ ਦਾ ਜਖੀਰਾ ਮਿਲਿਆ। ਸਾਰੀਆਂ ਦਵਾਈਆਂ ਤੇ ਬੀਜ ਨੂੰ ਫਿਲਹਾਲ ਵਿਭਾਗ ਨੇ ਸੀਲ ਕਰ ਦਿੱਤਾ ਹੈ।
ਖੇਤੀਬਾੜੀ ਅਧਿਕਾਰੀ ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਦੋ ਕੰਪਨੀਆਂ ਇੰਜੀਨ ਆਰਗੈਨਿਕ ਤੇ ਬਾਇਓਸਟੇਗ ਨੇ ਇਕ ਜਗ੍ਹਾ ਇਕੱਠਾ ਗੋਦਾਮ ਲਿਆ ਸੀ। ਦੋਵੇਂ ਕੰਪਨੀਆਂ ਇਕੱਠੇ ਗੋਦਾਮ ਨਹੀਂ ਲੈ ਸਕਦੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਚੀਫ ਨੇ ਅੰਮ੍ਰਿਤਸਰ ਵਿਚ ਕੁਝ ਨਾਜਾਇਜ਼ ਪ੍ਰੋਡਕਟ ਫੜੇ ਸਨ। ਉਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਕੰਪਨੀ ਦਾ ਲੁਧਿਆਣਾ ਵਿਚ ਗੋਦਾਮ ਹੈ। ਟਰਾਂਸਪੋਰਟ ਨਗਰ ਵਾਲੇ ਗੋਦਾਮ ‘ਚ ਛਾਪਾ ਮਾਰਿਆ ਤਾਂ ਨਕਲੀ ਦਵਾਈਆਂ ਦਾ ਖੁਲਾਸਾ ਹੋਇਆ।
ਚੈਕਿੰਗ ਸਮੇਂ ਕੰਪਨੀ ਦੇ ਮੁਲਾਜ਼ਮ ਮੌਕੇ ‘ਤੇ ਮੌਜੂਦ ਸਨ। ਮਾਲਕ ਅਜੇ ਫੜੇ ਨਹੀਂ ਗਏ। ਕੰਪਨੀ ਦੇ ਸੇਲ ਦੇ ਬਿੱਲ ਤੇ ਹੋਰ ਰਸੀਦਾਂ ਮਿਲਿਆ ਹਨ। ਪਤਾ ਕੀਤਾ ਜਾਵੇਗਾ ਕਿ ਕਿਹੜੀਆਂ ਦੁਕਾਨਾਂ ‘ਤੇ ਇਹ ਨਕਲੀ ਦਵਾਈਆਂ ਵੇਚਣ ਲਈ ਭੇਜੀਆਂ ਗਈਆਂ ਹਨ। ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕ ਪਹਿਲਾਂ ਹੀ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਹਨ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਸਾਰਾ ਜਖੀਰਾ ਕਬਜ਼ੇ ਵਿਚ ਲੈ ਕੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ।