ਲੁਧਿਆਣਾ : ਪੀ.ਏ.ਯੂ. ਦੇ ਖੇਤੀਬਾੜੀ ਇੰਜਨੀਅਰਿੰਗ ਕਾਲਜ ਨੇ 1973 ਬੈਚ ਦੇ ਸਾਬਕਾ ਵਿਦਿਆਰਥੀ ਸ਼੍ਰੀ ਅਭੈ ਸੈਣੀ ਐਕਸੀਲੈਂਸ ਐਵਾਰਡ ਸਮਾਗਮ ਦਾ ਆਯੋਜਨ ਕਾਲਜ ਦੀ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ | ਇਸ ਵਿੱਚ ਅਭੈ ਸੈਣੀ ਐਕਸੀਲੈਂਸ ਐਵਾਰਡ ਯੋਗ ਵਿਦਿਆਰਥੀਆਂ ਨੂੰ ਦਿੱਤੇ ਗਏ |
ਪੁਰਸਕਾਰ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਐਵਾਰਡ ਸਾਬਕਾ ਵਿਦਿਆਰਥੀ ਅਤੇ ਯੂਨੀਵਰਸਿਟੀ ਵਿਚਕਾਰ ਸਦੀਵੀ ਸੰਬੰਧਾਂ ਦਾ ਪ੍ਰਤੀਕ ਹੈ| ਉਹਨਾਂ ਨੇ ਕਿਹਾ ਕਿ ਇਹ ਮੌਜੂਦਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਲਈ ਉਹਨਾਂ ਨੂੰ ਉਤਸ਼ਾਹ ਦੇਣ ਅਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਪ੍ਰਾਪਤੀਆਂ ਲਈ ਢੁੱਕਵਾਂ ਮਾਹੌਲ ਦੇਣ ਦੀ ਕੋਸ਼ਿਸ਼ ਦੇ ਇੱਕ ਕਦਮ ਵਜੋਂ ਦੇਖਿਆ ਜਾਣਾ ਚਾਹੀਦਾ ਹੈ |
ਕਾਲਜ ਦੀ ਅਲੂਮਨੀ ਐਸੋਸੀਏਸਨ ਦੇ ਪ੍ਰਧਾਨ ਡਾ. ਸਤੀਸ ਕੁਮਾਰ ਗੁਪਤਾ ਨੇ ਦੱਸਿਆ ਕਿ ਇੰਜ. ਅਭੈ ਸੈਣੀ ਨੇ ਇਸ ਪੁਰਸਕਾਰ ਲਈ ਵਿਸੇਸ ਤੌਰ ’ਤੇ 10 ਲੱਖ ਰੁਪਏ ਦੀ ਰਾਸੀ ਦੇਣ ਦਾ ਵਾਅਦਾ ਕੀਤਾ ਹੈ ਅਤੇ ਪਹਿਲੇ ਸਾਲ ਸਿਖਰਲੇ ਸਥਾਨ ਤੇ ਰਹਿਣ ਵਾਲੇ ਦੋ ਵਿਦਿਆਰਥੀਆਂ ਨੂੰ ਸਾਲਾਨਾ ਇੱਕ ਲੱਖ ਰੁਪਏ ਦੀ ਰਾਸੀ ਵੰਡੀ ਜਾਵੇਗੀ| 2023 ਤੋਂ ਅਗਲੇ 10 ਸਾਲਾਂ ਲਈ ਤੀਜੇ ਸਾਲ ਦੇ ਵਿਦਿਆਰਥੀਆਂ ਨੂੰ 30,000 ਅਤੇ 20,000 ਰੁਪਏ ਪੁਰਸਕਾਰ ਵਜੋਂ ਦਿੱਤੇ ਜਾਣਗੇ |
ਇੰਜ. ਅਭੈ ਸੈਣੀ ਨੇ ਦੱਸਿਆ ਕਿ ਉਹਨਾਂ ਨੇ ਬੀ.ਟੈੱਕ ਦੇ ਹੋਣਹਾਰ ਵਿਦਿਆਰਥੀਆਂ ਲਈ ਅਭੈ ਸੈਣੀ ਐਕਸੀਲੈਂਸ ਐਵਾਰਡਜ਼ ਦੀ ਸਥਾਪਨਾ ਕੀਤੀ ਹੈ| ਉਹਨਾਂ ਕਿਹਾ ਕਿ ਇਹ ਉਹਨਾਂ ਵੱਲੋਂ ਆਪਣੇ ਕਾਲਜ ਅਤੇ ਯੂਨੀਵਰਸਿਟੀ ਨੂੰ ਛੋਟਾ ਜਿਹਾ ਯੋਗਦਾਨ ਹੈ ਜਿਸਨੇ ਉਹਨਾਂ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ | ਇਹ ਪੁਰਸਕਾਰ ਪ੍ਰਤਿਭਾਸਾਲੀ ਵਿਦਿਆਰਥੀਆਂ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ|
ਕਾਲਜ ਦੇ ਡੀਨ ਡਾ. ਹਰਮਿੰਦਰ ਸਿੰਘ ਸਿੱਧੂ ਇੰਜ. ਅਭੈ ਸੈਣੀ ਵੱਲੋਂ ਦਿੱਤੇ ਯੋਗਦਾਨ ਲਈ ਧੰਨਵਾਦ ਕੀਤਾ| ਡਾ. ਸਿੱਧੂ ਨੇ ਕਿਹਾ ਕਿ ਇਹ ਨਿਸਚਿਤ ਤੌਰ ’ਤੇ ਵਿਦਿਆਰਥੀਆਂ ਵਿੱਚ ਸਿਹਤਮੰਦ ਮੁਕਾਬਲਾ ਪੈਦਾ ਕਰਨ ਅਤੇ ਪੇਸੇਵਰ ਜੀਵਨ ਵਿੱਚ ਅਗਵਾਈ ਕਰਨ ਵਾਲਾ ਕਦਮ ਹੈ |
ਅੰਤ ਵਿੱਚ ਪਿਛਲੇ ਅਕਾਦਮਿਕ ਵਰ੍ਹੇ ਦੌਰਾਨ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ ਚੌਥੇ ਸਾਲ ਦੇ ਵਿਦਿਆਰਥੀ ਨਿਹਾਲ ਅਸਤੀ ਨੂੰ ਪੁਰਸਕਾਰ ਵਜੋਂ 30000/- ਰੁਪਏ, ਚੌਥੇ ਸਾਲ ਦੇ ਅਰਸਦੀਪ ਸਿੰਘ 20000/- ਰੁਪਏ, ਦੂਜੇ ਸਾਲ ਦੇ ਸਪਸ਼ ਕਪੂਰ ਸਿੰਘ 30000/- ਰੁਪਏ ਅਤੇ ਦੂਜੇ ਸਾਲ ਦੇ ਇਸ਼ਿਤਾ ਸੋਨੀ 20000/- ਰੁਪਏ ਦੇ ਨਕਦ ਪੁਰਸਕਾਰ ਸਰੂਪ ਅਭੈ ਸੈਣੀ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ| ਅਲੂਮਨੀ ਐਸੋਸੀਏਸ਼ਨ ਦੀ ਸਕੱਤਰ ਡਾ ਸਮਨਪ੍ਰੀਤ ਕੌਰ ਨੇ ਇਨਾਮ ਵੰਡ ਸਮਾਗਮ ਦਾ ਸੰਚਾਲਨ ਕੀਤਾ|