Connect with us

ਪੰਜਾਬ ਨਿਊਜ਼

ਸੰਗਰੂਰ ਹਾਰ ਤੋਂ ਬਾਅਦ ਹੁਣ ਜਨਵਰੀ ਦੇ ਅਖ਼ੀਰ ਤੱਕ ਨਿਗਮ ਚੋਣਾਂ ਕਰਵਾ ਸਕਦੀ ਹੈ ‘ਆਪ’

Published

on

After Sangrur defeat, AAP can now hold elections by end of January

ਲੁਧਿਆਣਾ : ਆਮ ਆਦਮੀ ਪਾਰਟੀ ਦੀ ਟਿਕਟ ’ਤੇ ਨਗਰ ਨਿਗਮ ਚੋਣ ਲੜਨ ਦੇ ਸੁਫ਼ਨੇ ਦੇਖ ਰਹੇ ਆਗੂਆਂ ਨੂੰ ਹਾਲ ਦੀ ਘੜੀ ਜਨਵਰੀ ਤੱਕ ਉਡੀਕ ਕਰਨੀ ਪਵੇਗੀ ਕਿਉਂਕਿ ਸੰਗਰੂਰ ਜ਼ਿਮਨੀ ਚੋਣ ’ਚ ਮਿਲੀ ਹਾਰ ਤੋਂ ਬਾਅਦ ਪਾਰਟੀ ਹਾਲ ਦੀ ਘੜੀ ਨਿਗਮ ਚੋਣ ਕਰਵਾਉਣ ’ਚ ਕੁੱਝ ਮਹੀਨੇ ਦੀ ਦੇਰ ਕਰ ਸਕਦੀ ਹੈ। ਹਾਲਾਂਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸੱਤਾਧਾਰੀ ‘ਆਪ’ ਸਤੰਬਰ ਤੋਂ ਬਾਅਦ ਕਦੇ ਵੀ ਨਿਗਮ ਚੋਣਾਂ ਦਾ ਬਿਗੁਲ ਵਜਾ ਸਕਦੀ ਹੈ।

ਇਸੇ ਦੇ ਨਾਲ ਹੀ ਪਾਰਟੀ ਦੇ ਵਿਧਾਇਕਾਂ ਵੱਲੋਂ ਰੋਜ਼ਾਨਾ ਹਲਕਿਆਂ ’ਚ ਸੜਕਾਂ ਅਤੇ ਗਲੀਆਂ ਬਣਾਉਣ ਦੇ ਕੰਮਾਂ ਦਾ ਉਦਘਾਟਨ ਵੀ ਨਗਰ ਨਿਗਮ ਚੋਣ ਜਲਦੀ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਹੀ ਤੇਜ਼ੀ ਨਾਲ ਕਰਵਾਏ ਗਏ ਤਾਂ ਕਿ ਜਨਤਾ ਦੀ ਵੋਟ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ ਪਰ ਸੰਗਰੂਰ ਹਾਰ ਤੋਂ ਸਬਕ ਲੈ ਕੇ ਪਾਰਟੀ ਹਾਲ ਦੀ ਘੜੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਵੀ ਇਕ-ਇਕ ਕਰ ਕੇ ਪੂਰੇ ਕਰਨ ਸਬੰਧੀ ਵੀ ਨਵੇਂ ਟਾਰਗੈੱਟ ਬਣਾਉਣ ਵੱਲ ਵੱਧ ਰਹੀ ਹੈ।

ਪਾਰਟੀ ਦਾ ਮੰਨਣਾ ਹੈ ਕਿ ਮੁਫ਼ਤ ਬਿਜਲੀ ਦੇ ਵਾਅਦੇ ਦੇ ਲਾਗੂ ਹੋਣ ਤੋਂ ਬਾਅਦ ਜ਼ਿਆਦਾਤਰ ਘਰੇਲੂ ਖ਼ਪਤਕਾਰਾਂ ਨੂੰ ਫ਼ਾਇਦਾ ਹੋਵੇਗਾ ਅਤੇ ਉਨ੍ਹਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋ ਜਾਣਗੇ। ਨਾਲ ਹੀ ਸਤੰਬਰ ਤੋਂ ਬਾਅਦ ਏ. ਸੀ. ਦਾ ਇਸਤੇਮਾਲ ਘੱਟ ਹੋਣ ਕਾਰਨ ਉਨ੍ਹਾਂ ਖ਼ਪਤਕਾਰਾਂ ਨੂੰ ਵੀ ਫਾਇਦਾ ਮਿਲੇਗਾ, ਜਿਨ੍ਹਾਂ ਦੇ ਬਿੱਲ ਏ. ਸੀ. ਚੱਲਣ ਕਾਰਨ ਅਜੇ 400 ਤੋਂ 600 ਯੂਨਿਟ ਪ੍ਰਤੀ ਮਹੀਨਾ ਆ ਰਹੇ ਹਨ। ਪਾਰਟੀ ਦੀ ਸੋਚ ਹੈ ਕਿ ਜੁਲਾਈ ’ਚ 300 ਯੂਨਿਟ ਬਿਜਲੀ ਮੁਫ਼ਤ ਕਰਨ ਦਾ ਐਲਾਨ ਲਾਗੂ ਹੋਣ ਤੋਂ ਬਾਅਦ ਜਨਤਾ ਦੇ ਹੱਥ ’ਚ ਸਤੰਬਰ ਮਹੀਨੇ ’ਚ ਪਹਿਲੀ ਵਾਰ ਬਿਜਲੀ ਦਾ ਜ਼ੀਰੋ ਬਿੱਲ ਆਵੇਗਾ।

ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਅਜੇ ਸਰਕਾਰ ਬਣੀ ਨੂੰ 3 ਮਹੀਨੇ ਹੀ ਹੋਏ ਹਨ ਅਤੇ ਸਾਨੂੰ ਨਿਗਮ ਚੋਣਾਂ ਕਰਵਾਉਣ ਦੀ ਹਾਲ ਦੀ ਘੜੀ ਇੰਨੀ ਜਲਦੀ ਵੀ ਨਹੀਂ ਹੈ। ਪਹਿਲਾਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ’ਚੋਂ ਕੁੱਝ ਨੂੰ ਪੂਰਾ ਕਰ ਲੈਣ, ਜਿਸ ਤੋਂ ਬਾਅਦ ਹੀ ਪਾਰਟੀ ਨਿਗਮ ਚੋਣਾਂ ’ਚ ਕਲੀਨ ਸਵੀਪ ਕਰਨ ਦਾ ਨਿਸ਼ਾਨਾ ਲੈ ਕੇ ਉਤਰੇਗੀ।

Facebook Comments

Trending