ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਅੱਧੇ ਸੈਸ਼ਨ ਤੋਂ ਬਾਅਦ ਹੁਣ ਖਾਲੀ ਸੀਟਾਂ ਲਈ ਦੁਬਾਰਾ ਕਾਊਂਸਲਿੰਗ ਕਰਵਾਈ ਜਾਵੇਗੀ ਜੋ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਨਲਾਈਨ ਆਯੋਜਿਤ ਕੀਤਾ ਜਾਵੇਗੀ । ਇਸ ਕਾਊਂਸਲਿੰਗ ਲਈ 17 ਜਨਵਰੀ ਤੈਅ ਕੀਤੀ ਗਈ ਹੈ। ਇਸ ਤੋਂ ਪਹਿਲਾਂ 6 ਦਸੰਬਰ ਨੂੰ ਕਾਊਂਸਲਿੰਗ ਹੋਣੀ ਸੀ ਪਰ ਅਧਿਆਪਕਾਂ ਦੀ ਹੜਤਾਲ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।
ਇਹ ਕਾਊਂਸਲਿੰਗ ਪ੍ਰਵੇਸ਼ ਟੈਸਟ ਨਤੀਜਿਆਂ ਦੇ ਆਧਾਰ ‘ਤੇ ਨਹੀਂ ਬਲਕਿ ਬਾਰ੍ਹਵੀਂ ਜਮਾਤ ਦੇ ਨੰਬਰਾਂ ਦੇ ਆਧਾਰ ‘ਤੇ ਕੀਤੀ ਜਾਣੀ ਹੈ। ਇਸ ਦੇ ਲਈ ਯੂਨੀਵਰਸਿਟੀ ਨੇ ਮੈਰਿਟ ਲਿਸਟ ਤਿਆਰ ਕਰਕੇ ਸਬੰਧਤ ਵਿਦਿਆਰਥੀਆਂ ਨੂੰ ਆਪਣੀ ਈ-ਮੇਲ ਰਾਹੀਂ ਲਿੰਕ ਭੇਜੇ ਹਨ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਨੇ ਆਮ ਦਾਖਲਾ ਪ੍ਰੀਖਿਆ ਤੋਂ ਰਾਹਤ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਫੀਸਾਂ ਭੇਜਣ ਤੋਂ ਰਾਹਤ ਵੀ ਦਿੱਤੀ ਹੈ । ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਲਈ 5640 ਰੁਪਏ ਫੀਸ ਦੇਣੀ ਪਈ ਸੀ। ਪਰ ਬਿਨਾਂ ਕਿਸੇ ਟੈਸਟ ਦੇ ਵਿਦਿਆਰਥੀਆਂ ਨੂੰ ਸਿਰਫ 2120 ਰੁਪਏ ਅਦਾ ਕਰਨੀ ਪਵੇਗੀ ।