ਲੁਧਿਆਣਾ : ਪਿੰਡ ਥਰੀਕੇ ਅਧੀਨ ਪੈਂਦੀ ਸੂਆ ਰੋਡ ‘ਤੇ ਬਿਨ੍ਹਾਂ ਮਨਜ਼ੂਰੀ ਬਣ ਰਹੀ ਕਲੋਨੀ ਸਾਈ ਇਨਕਲੇਵ ਵਿਰੁੱਧ ਇਲਾਕਾ ਨਿਵਾਸੀਆਂ ਨੇ ਗਲਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਸ਼ਿਕਾਇਤ ਭੇਜ ਕੇ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਹੈ।
ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਸਾਈ ਇਨਕਲੇਵ ਬਿਨ੍ਹਾਂ ਮਨਜ਼ੂਰੀ ਅਤੇ ਰੈਗੂਲੇਸ਼ਨ ਫੀਸ ਜਮ੍ਹਾਂ ਕਰਾਏ ਬਗੈਰ ਬਣਾਈ ਜਾ ਰਹੀ ਹੈ ਜਿਸ ਨੂੰ ਸਰਪੰਚ ਗੁਰਪ੍ਰੀਤ ਕੌਰ, ਅਤੁਲ ਸੂਦ, ਮਨਪ੍ਰੀਤ ਸਿੰਘ ਸੋਨੀ ਪੁੱਤਰ ਜਰਨੈਲ ਸਿੰਘ ਸਾਬਕਾ ਸਰਪੰਚ ਥਰੀਕੇ ਕਾਲੋਨੀ ਦੀ ਕਥਿਤ ਸ਼ਹਿ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਮੁੱਖ ਸੂਆ ਰੋਡ ਸੀਵਰੇਜ ਲਾਈਨ ਦੇ ਨਾਲ ਕਾਲੋਨੀ ਦਾ ਨਾਜਾਇਜ਼ ਤੌਰ ‘ਤੇ ਸੀਵਰੇਜ ਕੁਨੈਕਸ਼ਨ ਜੋੜਿਆ ਜਾ ਰਿਹਾ ਹੈ, ਜੋ ਗੈਰ-ਕਾਨੂੰਨੀ ਹੈ।
ਇਲਾਕਾ ਨਿਵਾਸੀ ਗਗਨ ਨੇ ਦੱਸਿਆ ਕਿ ਇਸ ਕਾਲੋਨੀ ਵਿਚ ਇਕ ਵੀ ਘਰ ਨਹੀਂ ਬਣਿਆ ਅਤੇ ਕਾਲੋਨੀ ਦੇ ਕੁਝ ਪਲਾਟਾਂ ਦੀ ਐਨ.ਓ.ਸੀ. ਲੈਣ ਲਈ ਪਿਛਲੀ ਤਾਰੀਖ ਵਿਚ ਫੁਲ ਐਂਡ ਫਾਈਨਲ ਐਗਰੀਮੈਂਟ ਲਗਾ ਕੇ ਅਪਲਾਈ ਕੀਤਾ ਗਿਆ ਹੈ ਜਿਸ ਦੀ ਪੜਤਾਲ ਕਰਨ ਤੇ ਕਈ ਸਨਸਨੀਖੇਜ ਖੁਲਾਸੇ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਾਈਾ ਐਨਕਲੇਵ ਦੇ ਮਾਲਕਾਂ/ਪ੍ਰਬੰਧਕਾਂ ਵਲੋਂ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਪ੍ਰਾਪਰਟੀ ਐਕਟ 1995 ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਉਚ ਪੱਧਰੀ ਜਾਂਚ ਕਰਾਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।