ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਰਾਜ ਸਭਾ ‘ਚ ਭੇਜਣ ਲਈ ਨਾਮਜ਼ਦ ਕੀਤਾ ਹੈ। ਕਿਉਂਕਿ ਵਿਧਾਨ ਸਭਾ ‘ਚ ਉਨ੍ਹਾਂ ਦੇ 117 ‘ਚੋਂ 92 ਉਮੀਦਵਾਰ ਹਨ ਇਸ ਲਈ ਸਾਰਿਆਂ ਦਾ ਬਿਨਾਂ ਵਿਰੋਧ ਚੁਣੇ ਜਾਣਾ ਯਕੀਨੀ ਹੈ। ਪਰ ਪਾਰਟੀ ਵੱਲੋਂ ਇਨ੍ਹਾਂ ਪੰਜਾਂ ਵਿਚੋਂ ਦੋ ਉਮੀਦਵਾਰ ਪੰਜਾਬ ਤੋਂ ਬਾਹਰੋਂ ਲੈਣ ‘ਤੇ ਵਿਰੋਧੀ ਧਿਰ ਨਾਰਾਜ਼ ਹੈ। ਉਨ੍ਹਾਂ ਇਸ ਨੂੰ ਪੰਜਾਬੀਆਂ ਨਾਲ ਧੋਖਾ ਦੱਸਿਆ ਹੈ।
ਸਾਰੇ ਪੰਜਾਂ ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਭਰੀ। ਰਿਟਰਨਿੰਗ ਅਧਿਕਾਰੀ ਤੇ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਸਿੰਘ ਦੇ ਦਫ਼ਤਰ ‘ਚ ਪੂਰੀ ਕੀਤੀ ਗਈ ਇਸ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਮੁੱਖ ਚੋਣ ਅਫ਼ਸਰ ਡਾ. ਐੱਸ ਕਰੁਣਾ ਰਾਜੂ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਨਾਮਜ਼ਦਗੀ ਭਰਨ ਦਾ ਅੱਜ ਆਖ਼ਰੀ ਦਿਨ ਸੀ। ਕਿਉਂਕਿ ਕਿਸੇ ਵੀ ਹੋਰ ਪਾਰਟੀ ਨੇ ਆਪਣੇ ਉਮੀਦਵਾਰ ਮੈਦਾਨ ‘ਚ ਨਹੀਂ ਉਤਾਰੇ ਹਨ ਇਸ ਲਈ ਉਨ੍ਹਾਂ ਦੀ ਨਾਮਜ਼ਦਗੀ ਦੀ ਸਕਰੂਟਨੀ ਹੁੰਦੇ ਹੀ ਉਨ੍ਹਾਂ ਨੂੰ ਬਿਨਾਂ ਵਿਰੋਧ ਚੁਣ ਲਿਆ ਜਾਵੇਗਾ।
ਉਧਰ, ਵਿਰੋਧੀ ਧਿਰ ਦੇ ਆਗੂਆਂ ਨੇ ਰਾਘਵ ਚੱਢਾ ਤੇ ਸੰਦੀਪ ਪਾਠਕ ਨੂੰ ਪੰਜਾਬ ਤੋਂ ਬਾਹਰ ਦੇ ਉਮੀਦਵਾਰਾਂ ਨੂੰ ਪੰਜਾਬ ਤੋਂ ਰਾਜ ਸਭਾ ‘ਚ ਭੇਜਣ ‘ਤੇ ਵਿਰੋਧ ਪ੍ਰਗਟਾਇਆ ਹੈ।
ਪਰਗਟ ਸਿੰਘ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਸਲੀ ਚਿਹਰਾ ਦਿਖਾ ਦਿੱਤਾ ਹੈ। ਰਾਜ ਸਭਾ ਦੀਆਂ ਸੀਟਾਂ ਲਈ ‘ਆਪ’ ਵੱਲੋਂ ਪੰਜਾਬ ਤੋਂ ਬਾਹਰ ਲੋਕਾਂ ਨੂੰ ਸੀਟਾਂ ਦੇਣ ‘ਤੇ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਤਰਾਜ਼ ਪ੍ਰਗਟਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਤੇ ਹਰਚਰਨ ਬੈਂਸ ਨੇ ਵੀ ਪੰਜਾਬੀਆਂ ਨੂੰ ਨਾ ਚੁਣੇ ਜਾਣ ਦਾ ਵਿਰੋਧ ਕੀਤਾ ਤੇ ਕਿਹਾ ਕਿ ‘ਆਪ’ ਨੇ ਸੂਬੇ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ।
ਆਪੋ-ਆਪਣੇ ਖੇਤਰ ਦੇ ਮਾਹਿਰ ਹਨ ਪੰਜਾਬ ਦੇ ਰਾਜ ਸਭਾ ਮੈਂਬਰ
ਰਾਘਵ ਚੱਢਾ : ‘ਆਪ’ ਦੇ ਪੰਜਾਬ ਦੇ ਸਹਿ ਇੰਚਾਰਜ ਹਨ ਤੇ ਅਰਵਿੰਦ ਕੇਜਰੀਵਾਲ ਦੇ ਕਾਫ਼ੀ ਭਰੋਸੇਮੰਦ ਹਨ। ਵਿਸ਼ਵ ਪ੍ਰਸਿੱਧ ਲੰਡਨ ਸਕੂਲ ਆਫ ਇਕੋਨਾਮਿਕਸ ਤੋਂ ਪੜ੍ਹੇ ਰਾਘਵ ਚੱਢਾ ਨੂੰ ਪਾਰਟੀ ਵੱਲੋਂ ਸਭ ਤੋਂ ਘੱਟ ਉਮਰ ਦੇ ਤਰਜਮਾਨ ਦੇ ਰੂੁਪ ‘ਚ ਨਿਯੁਕਤ ਕੀਤਾ ਗਿਆ ਸੀ।
ਸੰਦੀਪ ਪਾਠਕ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੇ ਚਾਣਕਿਆ ਦੀ ਭੂਮਿਕਾ ‘ਚ ਸਨ। ਸੰਦੀਪ ਪਾਠਕ ਨੇ ਕੈਂਬਰਿਜ ਯੂਨੀਵਰਸਿਟੀ, ਯੂਕੇ ਤੋਂ ਪੀਐੱਚਡੀ ਕੀਤੀ ਹੈ ਤੇ ਆਈਆਈਟੀ ਦਿੱਲੀ ‘ਚ ਐਸੋਸੀਏਟ ਪ੍ਰਰੋਫੈਸਰ ਰਹੇ ਹਨ। ਅਰਵਿੰਦ ਕੇਜਰੀਵਾਲ ਦੇ ਭਿ੍ਸ਼ਟਾਚਾਰ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਪਾਰਟੀ ‘ਚ ਸ਼ਾਮਲ ਹੋਏ। ਕਈ ਸਾਲਾਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰ ਰਹੇ ਹਨ।
ਹਰਭਜਨ ਸਿੰਘ ਭੱਜੀ : ਮਸ਼ਹੂਰ ਕ੍ਰਿਕਟਰ ਤੇ ਭਾਰਤ ਦੇ ਸਭ ਤੋਂ ਸਫਲ ਆਫ ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੇ ਵੀ ‘ਆਪ’ ਵਿਚ ਸ਼ਾਮਲ ਹੋ ਕੇ ਰਾਜ ਸਭਾ ਲਈ ਨਾਮਜ਼ਦਗੀ ਭਰੀ। ਹਰਭਜਨ ਸਿੰਘ 1998 ਤੋਂ 2016 ਤਕ ਭਾਰਤੀ ਕ੍ਰਿਕਟ ਟੀਮ ਲਈ ਖੇਡਦੇ ਰਹੇ ਤੇ ਆਪਣੀ ਅਦਭੁਤ ਗੇਂਦਬਾਜ਼ੀ ਨਾਲ ਦੇਸ਼ ਦੇ ਲੋਕਾਂ ਦੇ ਦਿਲ ‘ਚ ਖ਼ਾਸ ਜਗ੍ਹਾ ਬਣਾਈ।
ਅਸ਼ੋਕ ਮਿੱਤਲ : ਐੱਲਪੀਯੂ ਦੇ ਫਾਊਂਡਰ ਤੇ ਚਾਂਸਲਰ ਅਸ਼ੋਕ ਮਿੱਤਲ ਨੂੰ ਵੀ ‘ਆਪ’ ਨੇ ਰਾਜ ਸਭਾ ਲਈ ਆਪਣਾ ਉਮੀਦਵਾਰ ਬਣਾਇਆ ਹੈ। ਮਿੱਤਲ ਉੱਚ ਸਿੱਖਿਆ ਦੇ ਖੇਤਰ ‘ਚ ਆਪਣੇ ਸ਼ਲਾਘਾਯੋਗ ਕਾਰਜ ਤੇ ਸਮਾਜ ਸੇਵਾ ਲਈ ਜਾਣੇ ਜਾਂਦੇ ਹਨ। ਸਾਧਾਰਨ ਪਰਿਵਾਰ ‘ਚ ਜਨਮੇ ਅਸ਼ੋਕ ਮਿੱਤਲ ਨੇ ਆਪਣੀ ਮਿਹਨਤ ਤੇ ਯੋਗਤਾ ਦੇ ਦਮ ‘ਤੇ ਸਫਲਤਾ ਪ੍ਰਰਾਪਤ ਕੀਤੀ।
ਸੰਜੀਵ ਅਰੋੜਾ : ਲੁਧਿਆਣਾ ਦੇ ਵੱਡੇ ਵਪਾਰੀਆਂ ‘ਚੋਂ ਇਕ ਸੰਜੀਵ ਅਰੋੜਾ ਵੀ ‘ਆਪ’ ਵੱਲੋਂ ਪੰਜਾਬ ਕੋਟੇ ਤੋਂ ਰਾਜ ਸਭਾ ਜਾਣਗੇ। ਸੰਜੀਵ ਅਰੋੜਾ ਕ੍ਰਿਸ਼ਨਾ ਪ੍ਰਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਚਲਾਉਂਦੇ ਹਨ। ਆਪਣੇ ਮਾਪਿਆਂ ਦੇ ਕੈਂਸਰ ਕਾਰਨ ਜਾਨ ਗੁਆਉਣ ਮਗਰੋਂ ਉਨ੍ਹਾਂ ਨੇ ਇਹ ਸੰਸਥਾ ਸਥਾਪਤ ਕੀਤੀ ਤੇ 160 ਤੋਂ ਵੱਧ ਕੈਂਸਰ ਰੋਗੀਆਂ ਦਾ ਮੁਫ਼ਤ ਇਲਾਜ ਕੀਤਾ।