ਲੁਧਿਆਣਾ : ਪੰਜਾਬ ’ਚ ਕਾਂਗਰਸ ਸਰਕਾਰ ਦੇ ਸਮੇਂ ਤੋਂ ਅੱਧ ਵਿਚਾਲੇ ਲਟਕੇ 100 ਕਰੋੜ ਤੋਂ ਉੱਪਰ ਦੇ ਪ੍ਰਾਜੈਕਟਾਂ ਦਾ ਆਡਿਟ ਕੀਤਾ ਜਾਵੇਗਾ। ਇਹ ਫ਼ੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆ ਹੈ, ਜਿਸ ਦੇ ਤਹਿਤ ਸਾਰੇ ਵਿਭਾਗਾਂ ਤੋਂ 2017 ਤੋਂ 2022 ਦੇ ਪੀਰੀਅਡ ਦੌਰਾਨ ਪੈਂਡਿੰਗ ਚੱਲ ਰਹੇ ਪ੍ਰਾਜੈਕਟਾਂ ਦੀ ਡਿਟੇਲ ਮੰਗੀ ਗਈ ਹੈ।
ਇਸ ਰਿਪੋਰਟ ਦੇ ਆਧਾਰ ’ਤੇ ਪਿ੍ਰੰਸੀਪਲ ਅਕਾਊਂਟੈਂਟ ਜਨਰਲ ਦੇ ਜ਼ਰੀਏ ਆਡਿਟ ਕਰਵਾਇਆ ਜਾਵੇਗਾ, ਜਿਸ ਨੂੰ ਕੇਗ ਦੀ ਫਾਈਨੈਂਸ਼ੀਅਲ ਆਡਿਟ ਰਿਪੋਰਟ ’ਚ ਸ਼ਾਮਲ ਕੀਤਾ ਜਾਵੇਗਾ। ਪ੍ਰਾਜੈਕਟ ’ਚ ਅੰਦਾਜ਼ਨ ਲਾਗਤ , ਪਿਛਲੇ 5 ਸਾਲਾਂ ’ਚ ਰਿਲੀਜ਼ ਹੋਇਆ ਫੰਡ , 31 ਮਾਰਚ ਤੱਕ ਖ਼ਰਚ ਹੋਈ ਰਕਮ , ਪ੍ਰਾਜੈਕਟ ਨੂੰ ਪੂਰਾ ਕਰਨ ਲਈ ਫੰਡ ਦੀ ਰਿਪੋਰਟ ਮੰਗੀ ਗਈ ਹੈ।
ਸਰਕਾਰ ਅਤੇ ਆਡਿਟ ਮਹਿਕਮੇ ਵਿਭਾਗ ਵੱਲੋਂ ਪ੍ਰਾਜੈਕਟ ਦੇ ਪੂਰਾ ਹੋਣ ਦੀ ਡੈੱਡਲਾਈਨ ਦੇ ਨਾਲ ਦੇਰੀ ਦੀ ਵਜ੍ਹਾ ਵੀ ਪੁੱਛੀ ਗਈ ਹੈ, ਜਿਸ ਦੇ ਚਲਦਿਆਂ ਲਾਗਤ ’ਚ ਵਾਧਾ ਹੋਣ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਫਿਕਸ ਕੀਤੀ ਜਾ ਸਕਦੀ ਹੈ।