ਲੁਧਿਆਣਾ : ਜਨਵਰੀ ਦੀ ਤਨਖਾਹ ਨਾਲ ਮੋਬਾਈਲ ਭੱਤੇ ਉੱਤੇ ਲਗਾਈ ਰੋਕ ਖ਼ਿਲਾਫ਼ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਇਸ ਉੱਤੇ ਤਿੱਖਾ ਪ੍ਰਤੀਕਰਮ ਕਰਦਿਆਂ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਦਾ ਇਕ ਮਾਸ ਡੈਪੂਟੇਸ਼ਨ ਜ਼ਿਲ੍ਹਾ ਖਜਾਨਾ ਅਫਸਰ ਨੂੰ ਮਿਲਣ ਅਤੇ ਇਸ ਰੋਸ ਨੂੰ ਬਾਕਾਇਦਾ ਦਰਜ਼ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜੱਥੇਬੰਦਕ ਸਕੱਤਰ ਗੁਰਪ੍ਰੀਤ ਸਿੰਘ ਅਤੇ ਪ੍ਰੈਸ ਸਕੱਤਰ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਮੋਬਾਇਲ ਭੱਤੇ ਦੀ ਇਸ ਜ਼ਬਰੀ ਅਤਾਰਕਿਕ ਕਟੌਤੀ ਸਬੰਧੀ ਡੀ ਟੀ ਐਫ਼ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਨੇ ਜ਼ਿਲ੍ਹਾ ਖਜ਼ਾਨਾ ਅਫਸਰ ਨਾਲ ਫੋਨ ਉੱਪਰ ਬਾਦਲੀਲ ਗੱਲਬਾਤ ਕੀਤੀ ਹੈ। ਗੱਲਬਾਤ ਦੌਰਾਨ ਉਨ੍ਹਾਂ ਜ਼ਿਲ੍ਹਾ ਖਜ਼ਾਨਾ ਅਫਸਰ ਨੂੰ ਚੇਤਾਇਆ ਕਿ ਦਸੰਬਰ ਮਹੀਨੇ ਨਾਲ ਸਬੰਧਤ ਛੁੱਟੀਆਂ ਨੂੰ ਜਨਵਰੀ ਦੀਆਂ ਉਨ੍ਹਾਂ ਛੁੱਟੀਆਂ ਨਾਲ ਨੱਥੀ ਕਰਨ ਦਾ ਸਰਕਾਰ ਦਾ ਕੋਈ ਹੱਕ ਨਹੀਂ ਬਣਦਾ, ਜੋ ਕਿ ਪੰਜਾਬ ਸਰਕਾਰ ਨੇ ਖੁਦ ਵਧਦੀ ਸਰਦੀ ਨੂੰ ਮੁੱਖ ਰੱਖਦਿਆਂ ਜਨਵਰੀ ਵਿੱਚ ਘੋਸ਼ਿਤ ਕੀਤੀਆਂ ਸਨ।