ਲੁਧਿਆਣਾ : ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿੱਚ ਹਾੜੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਹੋਈ | ਇਸ ਵਰਕਸ਼ਾਪ ਵਿੱਚ ਪੀ.ਏ.ਯੂ., ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਖੇਤੀਬਾੜੀ ਵਿਭਾਗ ਦੇ ਖੋਜ ਅਤੇ ਪਸਾਰ ਮਾਹਿਰ ਹਿੱਸਾ ਲੈ ਰਹੇ ਹਨ | ਇਸ ਸੈਸ਼ਨ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ ਅਤੇ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਗੁਰਵਿੰਦਰ ਸਿੰਘ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ |
ਵਾਈਸ ਚਾਂਸਲਰ ਡਾ. ਗੋਸਲ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਪੀ.ਏ.ਯੂ. ਛੇ ਦਹਾਕੇ ਪੁਰਾਣੀ ਸੰਸਥਾ ਹੈ ਅਤੇ ਮੌਜੂਦਾ ਵਰ੍ਹਾ ਇਸ ਸੰਸਥਾ ਦੇ ਡਾਇਮੰਡ ਜੁਬਲੀ ਸਾਲ ਵਜੋਂ ਮਨਾਇਆ ਜਾ ਰਿਹਾ ਹੈ | ਉਹਨਾਂ ਕਿਹਾ ਕਿ ਪੀ.ਏ.ਯੂ. ਦਾ ਯੋਗਦਾਨ ਸਿਰਫ ਹਰੀ ਕ੍ਰਾਂਤੀ ਲਿਆਉਣ ਵਾਲੀ ਤਕਨਾਲੋਜੀ ਦੇ ਵਿਕਾਸ ਅਤੇ ਰੂਪਾਂਤਰਣ ਦੇ ਰੂਪ ਵਿੱਚ ਹੀ ਨਹੀਂ ਦੇਖਿਆ ਜਾ ਸਕਦਾ ਬਲਕਿ ਇਸਨੂੰ ਖੇਤੀ ਦੀਆਂ ਛੇ ਹੋਰ ਸੰਸਥਾਵਾਂ ਦੀ ਜਨਨੀ ਸੰਸਥਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ |
ਉਹਨਾਂ ਕਿਹਾ ਕਿ ਸਾਡੀਆਂ ਖੋਜ, ਪਸਾਰ ਅਤੇ ਅਕਾਦਮਿਕ ਪ੍ਰਾਪਤੀਆਂ ਦੇ ਕਾਰਨ ਹੀ ਰਾਸ਼ਟਰੀ ਰੈਂਕਿੰਗ ਏਜੰਸੀ ਨੇ ਇਸ ਸੰਸਥਾ ਨੂੰ ਦੇਸ਼ ਦੀ ਸਭ ਤੋਂ ਵਧੀਆ ਖੇਤੀ ਸੰਸਥਾ ਵਜੋਂ ਮਾਨਤਾ ਦਿੱਤੀ ਹੈ ਅਤੇ ਇਹ ਮਾਣ ਵਾਲੀ ਗੱਲ ਹੈ | ਡਾ. ਗੋਸਲ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੋਇਆ ਕਿ ਪੀ.ਏ.ਯੂ. ਮਾਹਿਰਾਂ ਨੇ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਤਕਨਾਲੋਜੀ ਵਿਕਸਿਤ ਕੀਤੀ ਅਤੇ ਪਸਾਰ ਮਾਹਿਰਾਂ ਨੇ ਇਸ ਤਕਨਾਲੋਜੀ ਨੂੰ ਕਿਸਾਨਾਂ ਤੱਕ ਪਹੁੰਚਾਇਆ |
ਡਾ. ਗੋਸਲ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਹੇਠ ਰਕਬਾ ਵਧਾਉਣ ਲਈ ਪਸਾਰ ਮਾਹਿਰਾਂ ਨੂੰ ਯਤਨ ਕਰਨੇ ਚਾਹੀਦੇ ਹਨ | ਇਹ ਤਰੀਕਾ ਹੀ ਪੰਜਾਬ ਵਿੱਚ ਪਾਣੀ ਦੀ ਸੰਭਾਲ ਲਈ ਕਾਰਗਾਰ ਕੋਸ਼ਿਸ਼ ਬਣ ਸਕਦਾ ਹੈ ਅਤੇ ਪਾਣੀ ਦੀ ਸੰਭਾਲ ਸਾਡੇ ਯੁੱਗ ਦਾ ਸਭ ਤੋਂ ਅਹਿਮ ਮੁੱਦਾ ਹੈ | ਵਾਈਸ ਚਾਂਸਲਰ ਨੇ ਦੱਸਿਆ ਕਿ ਝੋਨੇ ਅਤੇ ਸਾਉਣੀ ਦੀਆਂ ਹੋਰ ਫ਼ਸਲਾਂ ਵਿੱਚ ਪਾਣੀ ਦੀ ਸੰਭਾਲ ਦੀਆਂ ਤਕਨੀਕਾਂ ਬਾਰੇ ਪੀ.ਏ.ਯੂ. ਨੇ ਕਿਸਾਨਾਂ ਨੂੰ ਬਹੁਤ ਸਾਰੀਆਂ ਸਿਫ਼ਰਸ਼ਾਂ ਕੀਤੀਆਂ ਹਨ | ਇਹਨਾਂ ਵਿੱਚ ਤੁਪਕਾ ਸਿੰਚਾਈ ਵਿਸ਼ੇਸ਼ ਤੌਰ ਤੇ ਕਮਾਦ ਲਈ ਬੜੀ ਲਾਹੇਵੰਦ ਸਿੱਧ ਹੋ ਸਕਦੀ ਹੈ |
ਪ੍ਰਧਾਨਗੀ ਭਾਸ਼ਣ ਵਿੱਚ ਡਾ. ਗੁਰਵਿੰਦਰ ਸਿੰਘ ਨੇ ਪੀ.ਏ.ਯੂ. ਵੱਲੋਂ ਮੁੱਖ ਫ਼ਸਲਾਂ, ਸਬਜ਼ੀਆਂ, ਫ਼ਲਾਂ, ਤੇਲਬੀਜਾਂ ਅਤੇ ਚਾਰਿਆਂ ਦੀਆਂ ਪੈਦਾ ਕੀਤੀਆਂ ਕਿਸਮਾਂ ਉੱਪਰ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਵਿਭਾਗ ਅਤੇ ਯੂਨੀਵਰਸਿਟੀ ਵਿਚਕਾਰ ਤਾਲਮੇਲ ਨੂੰ ਹੋਰ ਬਿਹਤਰ ਢੰਗ ਨਾਲ ਲਾਗੂ ਕਰਕੇ ਇਹ ਤਕਨਾਲੋਜੀਆਂ ਕਿਸਾਨਾਂ ਦੀ ਬਿਹਤਰੀ ਲਈ ਉਹਨਾਂ ਤੱਕ ਪਹੁੰਚਾਈਆਂ ਜਾ ਸਕਦੀਆਂ ਹਨ | ਡਾ. ਗੁਰਵਿੰਦਰ ਸਿੰਘ ਨੇ ਝੋਨੇ ਦੀ ਮੁੜ ਬਿਜਾਈ ਲਈ ਪੀ.ਏ.ਯੂ. ਅਤੇ ਖੇਤੀਬਾੜੀ ਵਿਭਾਗ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ |
ਇਸ ਸੈਸ਼ਨ ਦਾ ਮੰਚ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ | ਡਾ. ਰਿਆੜ ਨੇ ਖੇਤੀ ਨੂੰ ਨਵੀਆਂ ਲੀਹਾਂ ਤੇ ਤੋਰਨ ਲਈ ਕਿਸਾਨਾਂ ਨੂੰ ਖੇਤੀ ਉੱਦਮ ਅਤੇ ਸਿਖਲਾਈ ਨਾਲ ਜੁੜਨ ਲਈ ਕਿਹਾ ਅਤੇ ਇਸ ਕਾਰਜ ਲਈ ਪੀ.ਏ.ਯੂ. ਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ | ਅੰਤ ਵਿੱਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਸਭ ਦਾ ਧੰਨਵਾਦ ਕੀਤਾ | ਅੱਜ ਦੇ ਤਕਨੀਕੀ ਸੈਸ਼ਨਾਂ ਵਿੱਚ ਕਣਕ, ਜੌਂਅ, ਚਾਰੇ ਅਤੇ ਖਰਵੇ ਅਨਾਜਾਂ ਬਾਰੇ ਸੈਸ਼ਨ ਹੋਇਆ |