ਲੁਧਿਆਣਾ : ਬੀਤੇ ਦਿਨੀਂ ਪੀਏਯੂ ਵਿਖੇ ਭਾਰਤ ਵਿੱਚ ਆਰਥਿਕ ਵਿਕਾਸ ਦੀ ਰਾਜਨੀਤਕ ਆਰਥਿਕਤਾ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਕਰਾਇਆ ਗਿਆ। ਇੰਸਟੀਚਿਊਟ ਆਫ ਹਿਊਮਨ ਡਿਵੈਲਪਮੈਂਟ ਦੇ ਪ੍ਰੋਫੈਸਰ ਡਾ.ਲਖਵਿੰਦਰ ਸਿੰਘ ਬੁਲਾਰੇ ਸਨ। ਵਿਭਾਗ ਦੇ ਮੁਖੀ ਡਾ. ਜੇ.ਐਮ. ਸਿੰਘ ਨੇ ਬੁਲਾਰਿਆਂ ਦੀ ਜਾਣ ਪਛਾਣ ਕਰਾਈ ਅਤੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਲੈਕਚਰ ਦਾ ਵਿਸ਼ਾ ਵਿਸ਼ਵ ਆਰਥਿਕਤਾ ਦੇ ਸਬੰਧ ਵਿੱਚ ਭਾਰਤ ਦੇ ਆਰਥਿਕ ਗਤੀਸ਼ੀਲਤਾ ਨਾਲ ਸੰਬੰਧਿਤ ਸੀ।
ਬੁਲਾਰੇ ਨੇ ਦੱਸਿਆ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਵਜੋਂ ਜਾਣਿਆ ਜਾਂਦਾ ਹੈ ਜਦੋਂ ਕਿ ਪ੍ਰਤੀ ਵਿਅਕਤੀ ਆਮਦਨ, ਬਹੁ ਪੱਖੀ ਗਰੀਬੀ ਅਤੇ ਮਨੁੱਖੀ ਵਿਕਾਸ ਦੇ ਰੂਪ ਵਿੱਚ ਇਹ ਕਾਫ਼ੀ ਹੇਠਾਂ ਹੈ। ਡਾ. ਸਿੰਘ ਨੇ ਭਾਰਤ ਦੇ ਆਰਥਿਕ ਵਿਕਾਸ ਲਈ ਕਈ ਸੁਝਾਵਾਂ ਦਾ ਉਲੇਖ ਕੀਤਾ। ਇਹ ਉਪਾਅ ਭਾਰਤ ਦੀ ਆਰਥਿਕਤਾ ਲਈ ਇੱਕ ਖੁਸ਼ਹਾਲ ਅਤੇ ਟਿਕਾਊ ਭਵਿੱਖ ਲਈ ਰਾਹ ਪੱਧਰਾ ਕਰਨਗੇ।