ਪੰਜਾਬੀ
ਗੁਰੂ ਨਾਨਕ ਸਟੇਡੀਅਮ ‘ਚ ਰਾਜ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼
Published
2 years agoon
ਲੁਧਿਆਣਾ : ਸਿੱਖਿਆ ਵਿਭਾਗ, ਸਮੱਗਰਾ ਸਿੱਖਿਆ ਅਭਿਆਨ, ਪੰਜਾਬ ਦੇ ਆਈ.ਈ.ਡੀ. ਕੰਪੋਨੈਂਟ ਅਧੀਨ ਅੱਜ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਰਾਜ ਪੱਧਰੀ ਦੋ ਰੋਜ਼ਾ ਖੇਡਾਂ ਦਾ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ਾਨਦਾਰ ਆਗਾਜ਼ ਹੋਇਆ। ਸਿੱਖਿਆ ਮੰਤਰੀ ਸ. ਹਰਜ਼ੋਤ ਸਿੰਘ ਬੈਂਸ ਵਲੋਂ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਨ੍ਹਾਂ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ।
ਇਨ੍ਹਾਂ ਖੇਡਾਂ ਵਿੱਚ 23 ਜ਼ਿਲ੍ਹਿਆਂ ਦੇ ਕਰੀਬ 1650 ਦਿਵਿਆਂਗ ਖਿਡਾਰੀ ਐਥਲੀਟ, ਫੁੱਟਬਾਲ, ਬੈਡਮਿੰਟਨ, ਹੈੱਡਬਾਲ, ਵਾਲੀਬਾਲ ਆਦਿ ਖੇਡਾਂ ਵਿੱਚ ਭਾਗ ਲੈ ਰਹੇ ਹਨ। ਖੇਡਾਂ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਹੀਦੇ ਆਜ਼ਮ ਸੁਖਦੇਵ ਥਾਪਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ।
ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਇਨ੍ਹਾਂ ਰਾਜ ਪੱਧਰੀ ਖੇਡਾਂ ਦੀ ਸ਼ੁਰੂਆਤ ਕਰਵਾਕੇ ਉਹ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਆਪਣੇ ਸੰਬੋਧਨ ‘ਚ ਕਿਹਾ ਕਿ ਸੂਬਾ ਸਰਕਾਰ ਇਹਨਾਂ ਬੱਚਿਆਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਲਿਜਾਣ ਲਈ ਸੂਬਾ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਹ ਖੇਡਾਂ ਇਸ ਪਾਸੇ ਵੱਲ ਇੱਕ ਸਹੀ ਕਦਮ ਹੈ ਕਿਉਂਕਿ ਇਹ ਖੇਡਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਲੁਕਵੀਂ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ। ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੇਡਾਂ ਸੂਬਾ ਸਰਕਾਰ ਨੂੰ ਖਿਡਾਰੀਆਂ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰਨਗੀਆਂ।
ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੀਤੇ ਸਮੇਂ ਵਿੱਚ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਨੌਜਵਾਨੀ ਵਿੱਚ ਨਵਾਂ ਜੋਸ਼ ਭਰਿਆ ਹੈ ਓਸੇ ਤਰ੍ਹਾਂ ਹੀ ਇਹ ਰਾਜ ਪੱਧਰੀ ਖੇਡਾਂ ਵੀ ਸਾਡੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਨੂੰ ਨਵਾਂ ਪਲੇਟਫਾਰਮ ਪ੍ਰਦਾਨ ਕਰਨਗੀਆਂ।