ਲੁਧਿਆਣਾ : ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-4 ਸਥਿਤ ਸ਼੍ਰੀ ਟੂਲ ਇੰਡਸਟਰੀ ਵਿੱਚ ਦੇਰ ਰਾਤ ਅੱਗ ਲੱਗ ਗਈ। ਫੈਕਟਰੀ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਲੋਕਾਂ ਨੇ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਰਾਤ 2 ਵਜੇ ਇਸ ‘ਤੇ ਕਾਬੂ ਪਾਇਆ। ਫੈਕਟਰੀ ਮਾਲਕ ਐਸ.ਸੀ ਰਲਹਨ ਨੇ ਦੱਸਿਆ ਕਿ ਉਸ ਦੀ ਫੈਕਟਰੀ ਵਿੱਚ ਲੋਹੇ ਦੇ ਹੈਂਡ ਟੂਲ ਬਣਾਏ ਜਾਂਦੇ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ।
ਹੌਲੀ-ਹੌਲੀ ਇਹ ਅੱਗ ਪੂਰੀ ਫੈਕਟਰੀ ਵਿੱਚ ਫੈਲ ਗਈ। ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ ਤੇ ਪਹੁੰਚੀ ਅਤੇ ਅੱਗ ਬੁਝਾਉਣ ਵਿੱਚ ਜੁਟ ਗਈਆਂ। ਖੁਸ਼ਕਿਸਮਤੀ ਨਾਲ ਜਦੋਂ ਹਾਦਸਾ ਵਾਪਰਿਆ ਤਾਂ ਅੰਦਰ ਕੋਈ ਨਹੀਂ ਸੀ। ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਭਿਆਨਕ ਅੱਗ ਕਾਰਨ ਫੈਕਟਰੀ ਅੰਦਰ ਰੱਖਿਆ ਲੱਖਾਂ ਦਾ ਸਾਮਾਨ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ।