ਲੁਧਿਆਣਾ : ਸਮਰਾਲਾ ਦੇ ਪਿੰਡ ਉਟਾਲਾਂ ਦੀ ਪੰਚਾਇਤ ਨੇ ਚਾਇਨਾ ਡੋਰ ਤੋਂ ਪਤੰਗ ਉਡਾਉਣ ਵਾਲਿਆਂ ਨੂੰ 5000 ਰੁਪਏ ਜੁਰਮਾਨਾ ਕਰਨ ਦਾ ਫੈਸਲਾ ਕੀਤਾ ਹੈ। ਪੰਚਾਇਤ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਪਿਛਲੇ ਸਾਲ ਚਾਇਨਾ ਡੋਰ ਕਾਰਨ 4 ਸਾਲਾ ਬੱਚੀ ਦੀ ਮੌਤ ਹੋ ਗਈ ਸੀ।
ਪੁਲਿਸ ਪ੍ਰਸ਼ਾਸਨ ਚਾਇਨਾ ਡੋਰ ਨੂੰ ਰੋਕ ਨਹੀਂ ਸਕਿਆ, ਇਸ ਲਈ ਪਿੰਡ ਉਟਾਲਾਂ ਦੀ ਪੰਚਾਇਤ ਨੇ ਪਹਿਲ ਕੀਤੀ। ਪਿੰਡ ਦੇ ਸਰਪੰਚ ਪ੍ਰੇਮਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਚਾਇਨਾ ਡੋਰ ਕਾਰਨ ਆਪਣੀ ਜਾਨ ਗਵਾਉਣ ਵਾਲੀ 4 ਸਾਲਾ ਦਿਲਪ੍ਰੀਤ ਕੌਰ ਦਾ ਦਰਦ ਅੱਜ ਵੀ ਸਾਡੀਆਂ ਯਾਦਾਂ ਵਿਚ ਤਾਜ਼ਾ ਹੈ।
ਪਿੰਡ ਦੇ ਸ੍ਰੀ ਗੁਰੂਦੁਆਰਾ ਸਾਹਿਬ ਵਿਖੇ ਪੰਚਾਇਤ ਵੱਲੋਂ ਪ੍ਰਸਤਾਵ ਪਾ ਕੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਚਾਇਨਾ ਡੋਰ ਤੋਂ ਪਤੰਗ ਉਡਾਉਦਾ ਫੜਿਆ ਗਿਆ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਇਸ ਫੈਸਲੇ ਲਈ ਸਹਿਮਤ ਹੋ ਗਏ ਹਨ।