ਲੁਧਿਆਣਾ : ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਕਿ ਅਟਲ ਅਪਾਰਟਮੈਂਟ ਸਕੀਮ ਦੇ ਸਾਰੇ ਸਫਲ ਅਲਾਟੀਆਂ ਦੇ ਪਰਿਵਾਰ ਵਿੱਚ ਸਿਰਫ ਇੱਕ ਲਾਭਪਾਤਰੀ (ਪਤਨੀ ਅਤੇ ਆਸ਼ਰਿਤ ਬੱਚਿਆਂ ਸਮੇਤ) ਨੂੰ ਹੀ ਫਲੈਟ ਅਲਾਟ ਕੀਤਾ ਜਾਵੇਗਾ। ਉਨ੍ਹਾਂ ਸਾਰੇ ਅਲਾਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 16 ਜੂਨ, 2022 ਨੂੰ ਡਰਾਅ ਦੌਰਾਨ ਇੱਕ ਤੋਂ ਵੱਧ ਅਲਾਟ ਹੋਏ ਫਲੈਟਾਂ ਨੂੰ ਸਪੁਰਦ ਕੀਤਾ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਸੁਧਾਰ ਟਰੱਸਟ ਦੇੇ ਕਾਰਜਕਾਰੀ ਅਧਿਕਾਰੀ ਕੁਲਜੀਤ ਕੌਰ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਪਤੀ/ਪਤਨੀ ਅਤੇ ਆਸ਼ਰਿਤ ਬੱਚਿਆਂ ਸਮੇਤ ਇੱਕ ਪਰਿਵਾਰ ਇੱਕ ਫਲੈਟ ਦਾ ਹੀ ਹੱਕਦਾਰ ਹੈ ਅਤੇ ਇੱਕ ਪਰਿਵਾਰ ਨੂੰ ਇੱਕ ਤੋਂ ਵੱਧ ਅਲਾਟਮੈਂਟ ਹੋਣ ਦੀ ਸੂਰਤ ਵਿੱਚ ਸਬੰਧਤ ਪਰਿਵਾਰ ਵਾਧੂ ਫਲੈਟ ਦੀ ਸਪੁਰਦਗੀ ਲਈ ਪਾਬੰਦ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਅਲਾਟੀਆਂ ਨੂੰ ਇੱਕ 100 ਰੁਪਏ ਦਾ ਹਲਫੀਆ ਬਿਆਨ ਮੈਜਿਸਟਰੇਟ ਵੱਲੋਂ ਤਸਦੀਕ ਕਰਵਾ ਕੇ ਜਮ੍ਹਾਂ ਕਰਵਾਉਣਾ ਹੋਵੇਗਾ, ਜਿਸ ਵਿੱਚ ਲਿਖਿਆ ਜਾਵੇ ਕਿ ਆਪਣੇ ਜੀਵਨ ਸਾਥੀ ਅਤੇ ਆਸ਼ਰਿਤ ਬੱਚਿਆਂ ਦੇ ਨਾਂ ‘ਤੇ ਇੱਕ ਤੋਂ ਵੱਧ ਫਲੈਟ ਨਹੀਂ ਲਿਆ ਗਿਆ ਹੈ। ਇਸ ਸਬੰਧੀ ਸਾਰੇ ਅਲਾਟੀਆਂ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਕਿ ਉਹ 15 ਜੁਲਾਈ, 2022 ਨੂੰ ਬਾਅਦ ਦੁਪਹਿਰ 3 ਵਜੇ ਤੱਕ ਆਪਣੇ ਹਲਫ਼ਨਾਮੇ ਜਮ੍ਹਾਂ ਕਰਾਉਣ ਤਾਂ ਜੋ ਉਨ੍ਹਾਂ ਨੂੰ ਅਲਾਟਮੈਂਟ ਪੱਤਰ ਜਾਰੀ ਕੀਤੇ ਜਾ ਸਕਣ।