ਲੁਧਿਆਣਾ : ਥਾਣਾ ਸਲੇਮਟਾਬਰੀ ‘ਚ ਪਿੱਛਲੀ ਸ਼ਾਮ ਇਕ ਬੰਦੀ ਵਲੋਂ ਹਵਾਲਾਤ ‘ਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਬੀਤੀ ਦਿਨ ਅਸ਼ੀਸ਼ ਕੁਮਾਰ ਉਰਫ਼ ਸ਼ਸ਼ੀ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਮਾਹਲਾ ਗੋਰਾਇਆਂ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ‘ਚੋਂ ਇਕ ਦਾਤ, 7 ਮੋਬਾਇਲ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਸੀ। ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ‘ਤੇ ਲੁੱਟਾਂ ਖੋਹਾਂ ਕਰਨ ਦੇ ਦੋਸ਼ ਸਨ ਤੇ ਉਸ ਖਿਲਾਫ਼ ਪਹਿਲੇ ਵੀ ਵੱਖ-ਵੱਖ ਥਾਣਿਆਂ ਵਿਚ ਤਿੰਨ ਮਾਮਲੇ ਦਰਜ ਹਨ।
ਪੁਲਿਸ ਵਲੋਂ ਉਸ ਨੂੰ ਥਾਣਾ ਸਲੇਮ ਟਾਬਰੀ ਦੀ ਹਵਾਲਾਤ ਵਿਚ ਬੰਦ ਕੀਤਾ ਗਿਆ ਸੀ। ਅਸ਼ੀਸ਼ ਉਰਫ਼ ਸ਼ਸ਼ੀ ਪੁਲਿਸ ਪਾਸ ਪੁਲਿਸ ਰਿਮਾਂਡ ‘ਤੇ ਸੀ। ਅੱਜ ਸ਼ਾਮ ਅਸ਼ੀਸ਼ ਕੁਮਾਰ ਉਰਫ਼ ਸ਼ਸ਼ੀ ਨੇ ਹਵਾਲਾਤ ਵਿਚ ਗਾਰਡਰ ਨਾਲ ਚਾਦਰ ਬੰਨ੍ਹ ਕੇ ਖੁਦਕੁਸ਼ੀ ਕਰ ਲਈ। ਕਾਫ਼ੀ ਸਮਾਂ ਤਾਂ ਪੁਲਿਸ ਮੁਲਾਜ਼ਮ ਜੋ ਕਿ ਥਾਣੇ ਵਿਚ ਤੈਨਾਤ ਸਨ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਾ ਲੱਗਾ, ਜਦੋਂ ਕਾਫੀ ਦੇਰ ਬਾਅਦ ਇਕ ਮੁਲਾਜ਼ਮ ਹਵਾਲਾਤ ਨੇੜੇ ਗਿਆ ਤਾਂ ਉਸ ਨੇ ਉਥੇ ਸ਼ਸ਼ੀ ਦੀ ਲਾਸ਼ ਲਟਕਦੀ ਦੇਖੀ ਜਿਸ ਕਾਰਨ ਥਾਣੇ ‘ਚ ਹਫੜਾ ਦਫੜੀ ਮੱਚ ਗਈ।
ਜਾਂਚ ਕਰ ਰਹੇ ਐੱਸਐੱਚਓ ਰਮਨਦੀਪ ਨੇ ਦੱਸਿਆ ਕਿ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਸ਼ੀ ਹਵਾਲਾਤ ‘ਚ ਇਕੱਲਾ ਹੀ ਬੰਦ ਸੀ, ਇਸ ਸਬੰਧੀ ਮਿ੍ਤਕ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਜਿਸ ਦੀ ਵੀ ਅਣਗਹਿਲੀ ਪਾਈ ਗਈ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।