ਖੰਨਾ (ਲੁਧਿਆਣਾ) : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ‘ਚ ਥਾਣਾ ਸਿਟੀ 2 ਖੰਨਾ ਵਿਖੇ ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਇਮੀਗੇ੍ਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਸੁਪਰੀਤ ਕੌਰ ਵਾਸੀ ਰਾਜਗੁਰੂ ਨਗਰ ਲੁਧਿਆਣਾ ਨੇ ਦੱਸਿਆ ਹਰਦੀਪ ਸਿੰਘ, ਗੁਰਦੀਪ ਸਿੰਘ ਵਾਲੀਆ ਤੇ ਗੁਰਤਿੰਦਰ ਸਿੰਘ ਮਿੰਟੂ ਵਾਲੀਆ ਨੇ ਗੁਰੂ ਤੇਗ ਬਹਾਦਰ ਮਾਰਕੀਟ ਖੰਨਾ ਵਿਖੇ ਦਫ਼ਤਰ ਖੋਲਿ੍ਆ ਹੋਇਆ ਹੈ। ਉਨ੍ਹਾਂ ਉਸ ਨੂੰ ਕੈਨੇਡਾ ਭੇਜਣ ਦੀ ਗੱਲਬਾਤ ਕੀਤੀ।
ਮੁਲਜ਼ਮਾਂ ਨੇ ਭਰੋਸਾ ਦਿੱਤਾ ਕਿ ਉਹ ਉਸ ਨੂੰ ਸਟੱਡੀ ਬੇਸ ‘ਤੇ ਕੈਨੇਡਾ ਭੇਜ ਦੇਣਗੇ। ਸੁਪਰੀਤ ਕੌਰ ਨੇ ਕਿਹਾ ਕਿ ਉਨਾਂ੍ਹ ਕੋਲੋਂ 8 ਲੱਖ 80 ਹਜ਼ਾਰ ਰੁਪਏ ਕਾਲਜ ‘ਚ ਫ਼ੀਸ ਤੇ 10 ਹਜ਼ਾਰ ਡਾਲਰ ਜੀਆਈਸੀ ਤੋਂ ਇਲਾਵਾ 6 ਲੱਖ ਰੁਪਏ ਨਕਦ ਹੋਰ ਦਸਤਾਵੇਜ਼ ਤਿਆਰ ਕਰਨ ਲਈ ਲਏ ਗਏ। ਸੁਪਰੀਤ ਕੌਰ ਨੇ ਕਿਹਾ ਕਿ 22 ਨਵੰਬਰ 2019 ਨੂੰ ਰਫਿਊਜਲ ਆਉਣ ਤੋਂ ਬਾਅਦ ਆਪਣੀ ਜੀਆਈਸੀ ਤੇ ਫ਼ੀਸ ਆਦਿ ਰਿਫੰਡ (ਵਾਪਸ) ਕਰਵਾਉਣ ਲਈ ਕਿਹਾ ਪਰ ਉਹ ਟਾਲ ਮਟੋਲ ਕਰਦੇ ਰਹੇ। ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।