ਲੁਧਿਆਣਾ : ਪੰਜਾਬ ‘ਚ ਕਾਂਗਰਸ, ‘ਆਪ’ ਤੇ ਸ਼ਿਅਦ ਨੂੰ ਇੱਕ ਹੋਰ ਝਟਕਾ ਲੱਗਾ ਹੈ। ਟਕਸਾਲੀ ਆਗੂ ਸਤਨਾਮ ਸਿੰਘ ਸ਼ੰਟੀ, ਕਾਂਗਰਸ ਦੇ ਪ੍ਰਿੰਕਲ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਧੀਰ, ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਹਰਦੀਪ ਸਿੰਘ ਬਿੱਟੂ, ਪ੍ਰਿਤਪਾਲ ਸਿੰਘ, ਰਾਹੁਲ ਤਿਵਾੜੀ, ਜਗਦੀਪ ਸਿੰਘ ਜੱਗੀ, ਅਮਰਜੀਤ ਸਿੰਘ ਚੰਨਾ, ਸੁਜਲ ਵਰਮਾ ਆਪਣੇ ਸੈਂਕੜੇ ਸਾਥੀਆਂ ਸਮੇਤ ਅੱਜ ਸ਼ਨੀਵਾਰ ਨੂੰ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਹਾਜ਼ਰੀ ‘ਚ ਭਾਜਪਾ ‘ਚ ਸ਼ਾਮਲ ਹੋ ਗਏ।
ਭਾਜਪਾ ਚ ਸ਼ਾਮਲ ਹੋਏ ਨੇਤਾਵਾਂ ਨੇ ਪੀਐੱਮ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਿੱਖਾਂ ਨਾਲ ਵਿਸ਼ੇਸ਼ ਲਗਾਅ ਨੂੰ ਹਰ ਕੋਈ ਜਾਣਦਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਰਗੇ ਪਵਿੱਤਰ ਮੌਕਿਆਂ ਨੂੰ ਮਨਾਉਣ ਦੀ ਹੋਵੇ ਜਾਂ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਯੰਤੀ ਦੀ, ਚਾਹੇ ਉਹ 1984 ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਹੋਵੇ ਜਾਂ ਫਿਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀ ਗੱਲ ਹੋਵੇ, ਪ੍ਰਧਾਨ ਮੰਤਰੀ ਮੋਦੀ ਨੇ ਨਿੱਜੀ ਦਿਲਚਸਪੀ ਦਿਖਾਉਂਦਿਆਂ ਸਿੱਖ ਭਾਈਚਾਰੇ ਲਈ ਕੰਮ ਕਰਨ ਦਾ ਰਾਹ ਪੱਧਰਾ ਕੀਤਾ ਹੈ।